Friday, 20 April 2012

ਪ੍ਰਵੀਨ ਸ਼ਰਮਾਂ

'ਲੜਕਾ ਲੜਕੀ ਇੱਕ ਸਮਾਨ'  
ਮੈਂ ਪੜ੍ਹਿਆ ਸੀ
ਸਮਝਿਆ ਸੀ
ਮਨ 'ਚ ਵਸਾ ਲਿਆ ਸੀ
'ਲੜਕਾ ਲੜਕੀ ਇੱਕ ਸਮਾਨ'
ਮੇਰੇ ਮਜਦੂਰ ਬਾਪ ਨੇ
ਕੀਤਾ ਸੀ ਸਾਕਾਰ
ਮੈਨੂੰ ਵੀਰਾਂ ਨਾਲੋਂ ਦਿੱਤਾ
ਵੱਧ ਪਿਆਰ ਤੇ ਦੁਲਾਰ .
ਮੈਨੂੰ ਪੈਰਾਂ ਤੇ ਖੜ੍ਹੀ ਕਰਨ ਲਈ
ਮਾਂ ਹੋ ਗਈ ਗੋਡਿਆਂ ਭਾਰ
ਜਦੋਂ ਮੈਂ  ਕਾਬਲ ਹੋਈ , ਉਂਗਲ ਛੱਡ ਕੇ
ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੇ
ਤਾਂ ਮੋਢਿਆਂ ਤੱਕ ਆਈ ਧੀ
ਲੁਕਦੀ ਨਹੀਂ ਬਾਬਲ ਦੇ ਘਰ ਦੀਆਂ ਕੰਧਾਂ 'ਚ
ਧੀਆਂ ਰੱਖੀਆਂ ਨਾ ਰਾਜੇ ਰਾਣੀਆਂ
ਹਿੱਕ ਨਾਲ ਲਾਕੇ ਪਰਤ ਆਇਆ
ਬਾਬਲ ਮੈਨੂੰ ਤੋਰ ਕੇ ...
ਅੱਜ ਵੀ ਓਥੇ ਹੀ ਖਲੋਤਾ ਹੈ
ਮੇਰਾ  ਬੁੱਢਾ ਮਜਦੂਰ ਬਾਪ
ਤੇ ਮੈਂ ਪੈਰਾਂ ਸਿਰ ਹੋ ਕੇ ਵੀ
ਖੜੀ ਹਾਂ ਗੋਡਿਆਂ ਭਾਰ .
ਕਿਉਂ ਕਿ ਮਾਂ ਅਕਸਰ ਆਖਦੀ ਹੈ
ਨੀਵੀਂ ਹੋ ਕੇ ਕੱਟ ਲੈ ਦਿਨ ਧੀਏ
ਧੀ ਤੇ ਧਰਤੀ ਹੁੰਦੀਆਂ ਬੇਗਾਨੇ ਬਸ ਧੀਏ
ਧਰਤ ਮਹਾਨ ਧੀਏ ਸਭ ਕੁਝ ਜ਼ਰਦੀ
ਸੀ ਨਾ ਕਰਦੀ
ਫੇਰ ਵੀ ਜਿੰਦਗੀ ਦਾ ਦਮ ਭਰਦੀ
ਧੀ ਤੇ ਧਰਤ ਸਮਾਨ ਧੀਏ
ਅੰਬਰ ਵਰ੍ਹਦਾ , ਧਰਤੀ ਦੀ ਹਿੱਕ ਠਰਦੀ
ਅੰਬਰ ਤਪਦਾ , ਧਰਤੀ ਦੀ ਹਿੱਕ ਸੜ੍ਹਦੀ
ਠਰੇ ਜਾਂ ਸਾੜੇ ਬਿਨ੍ਹਾਂ ਅੰਬਰ ਦੇ ਨਾ
ਧਰਤੀ ਦੀ ਹੋਂਦ ਧੀਏ
ਸੁੰਨੇ ਅੰਬਰ ਦੀ ਧਰਤ
ਬੰਜ਼ਰ ਜ਼ਮੀਨ ਧੀਏ ....
ਖੰਬ ਉਨ੍ਹੇ ਹੀ ਖੋਲੀਂ
ਜਿੰਨੀ ਤੇਰੀ ਉਡਾਨ ਧੀਏ
ਮੁੱਖੋਂ ਉਹਨਾਂ ਹੀ ਬੋਲੀਂ ਜਿਨ੍ਹੀਂ ਤੇਰੀ ਔਕਾਤ ਧੀਏ
ਉਸਨੇ ਤਾਂ ਕਿੰਨੀ ਵਾਰ ਦਰਸਾਇਆ
ਮੇਰੀਆਂ ਰੀਝਾਂ ਤੇ ਮੇਰੀ ਔਕਾਤ ਵਿਚਲਾ ਫਾਸਲਾ
ਪਰ ਮੈਂ ਭੁੱਲ ਜਾਂਦੀ ਹਾਂ
ਮਾਂ, ਧੀ ਤੇ ਧਰਤੀ ਵਾਲਾ ਸੰਵਾਦ
ਬਸ ਸੋਚਦੀ ਹਾਂ
'ਲੜਕਾ ਲੜਕੀ ਇੱਕ ਸਮਾਨ '
ਉਸਨੂੰ ਵੀ ਇਤਰਾਜ਼ ਹੈ
ਮੇਰੇ  ਬਹੁਤਾ ਬੋਲਣ 'ਤੇ
ਪਰ ਭੁਲਦੇ ਨੇ ਸਾਰੇ
ਭਾਸ਼ਾ ਵਿਗਿਆਨ ਅਨੁਸਾਰ
"ਮਨੁੱਖ ਬੋਲਦਾ ਹੈ ਮਨ ਦੇ
ਵਲਵਲਿਆਂ ਦਾ ਸੰਚਾਰ ਕਰਨ ਲਈ
ਭਾਸ਼ਾ ਸੰਚਾਰ ਦਾ ਮਾਧਿਅਮ ਹੀ ਤਾਂ ਹੁੰਦੀ ਹੈ  
ਪਰ ਫੇਰ ਵੀ
ਹੁਣ ਜਦੋਂ ਮੈਂ ਬੋਲਦੀ ਹਾਂ
ਵਾਕ ਬੇ-ਵਾਕ ਹੋ ਜਾਂਦੇ ਨੇ
ਮੂੰਹੋਂ ਨਿਕਲਦੇ ਸ਼ਬਦ ਮੂੰਹ ਚਿੜਾਉਂਦੇ ਨੇ,
'ਚੁੱਪ ਨਹੀਂ ਰਹੀ ਸਕਦੀ , ਸਮਝਾਉਂਦੇ ਨੇ
ਮੈਨੂੰ ਮੇਰੀ ਔਕਾਤ ਚ ਰਹਿਣਾ ਸਿਖਾਉਂਦੇ ਨੇ
ਮਾਂ ਦੇ ਵਲਵਲਿਆਂ ਦਾ ਗਰਭਪਾਤ ਹੋ ਜਾਂਦਾ
ਮਰੇ ਭਰੂਣ ਨੂੰ ਹਿੱਕ ਨਾਲ ਲਾ ਕੇ
ਮੈਂ ਮਾਤਮ ਮਨਾਉਂਦੀ ਹਾਂ
ਚੀਕਦੀ ਹਾਂ , ਚਿਲਾਉਂਦੀ ਹਾਂ ,
ਬਹੁਤ ਬੋਲਦੀ ਹਾਂ ਫੇਰ
ਯੱਕ ਕੇ , ਹਾਰ ਕੇ, ਮਜਬੂਰ ਹੋ ਕੇ
ਆਪਣੇ ਮਨ ਦੇ ਵਲਵਲਿਆਂ ਦਾ
ਭਰੂਣ ਅਣਖੋਰ ਜੰਗਲ 'ਚ
ਦਫ਼ਨਾ ਕੇ
ਪਰਤ ਆਉਂਦੀ ਹਾਂ
ਬਿਨ੍ਹਾਂ ਪੈਰਾਂ ਵਾਲਾ ਪੈੜਾ ਮੁਕਾਉਂਦੀ ਹੋਈ
ਆਪਣੇ ਆਪ ਨੂੰ ਸਮਝਾਉਂਦੀ ਹੋਈ
ਔਰਤ ਧਰਤ ਤੇ ਮਰਦ ਅਸਮਾਨ
ਫੇਰ ਕਿਵੇਂ ਹੋ ਸਕਦੇ ਨੇ
'ਲੜਕਾ ਲੜਕੀ ਇੱਕ ਸਮਾਨ'....?? 
ਪ੍ਰਵੀਨ ਸ਼ਰਮਾਂ

1 comment: