Thursday, 19 April 2012

ਨਿੰਦਰ ਘੁਗਿਆਣਵੀ

ਬਾਪੂ, ਤੇਰੀਆਂ ਨਹੀ ਰੀਸਾਂ !

(2)

ਬਾਪੂ ਪਾਰਸ ਦਾ ਜੀਵਨ ਅਣਗਿਣਤ ਘਟਨਾਵਾਂ ਨਾਲ ਭਰਿਆ ਰਿਹਾ। ਉਹਨਾਂ ਦੇ ਜੀਵਨ ਦੀ ਇੱਕ-ਇੱਕ ਯਾਦਗਾਰ ਬੜੀ ਦਿਲਚਸਪ ਅਤੇ ਯਾਦਗਾਰੀ ਹੈ। ਸੱਚੀ ਗੱਲ ਹੈ ਕਿ ਬਾਪੂ ਦਾ ਜੀਵਨ ਇੱਕ ਖੁੱਲ੍ਹੀ ਕਿਤਾਬ ਦੀ ਤਰਾਂ ਸੀ। ਨਾ ਕੋਈ ਵਲ਼ ਨਾ ਵਲਿੰਗ। ਉਹ ਇੱਕ ਚੱਲਦਾ ਫਿਰਦਾ ਵਿਸ਼ਵ ਵਿਦਿਆਲਾ ਸੀ। ਵਿਦਵਤਾ ਦਾ ਅਮੁੱਕ ਭੰਡਾਰ। ਵਿਸ਼ਵ ਭਰ ਦੀ ਸਿਆਸਤ ਬਾਰੇ ਜਿਹੜੀ ਗੱਲ ਛੋਂਹਦਾ ਤਾਂ ਉਹਦੇ ਧੁਰ ਤੀਕ ਲਹਿ ਜਾਂਦਾ। ਕੋਲ ਬੈਠਾ ਪੜ੍ਹਿਆ-ਲਿਖਿਆ ਦੰਗ ਰਹਿ ਜਾਂਦਾ ਕਿ ਕਿਸ ਮਿੱਟੀ ਦਾ ਬਣਿਆ ਐਂ ਬਾਪੂ? ਉਹ ਅਖ਼ਬਾਰਾਂ ਦੀ ਇੱਕ-ਇੱਕ ਸਤਰ ਤੀਕ ਪੜ੍ਹਦਾ। ਰੇਡੀਓ ਦੀ ਆਵਾਜ਼ ਵਾਲੀ ਟੂਟੀ ਉਹਦੇ ਕੰਨੋਂ ਨਾ ਲਹਿੰਦੀ ... ਕੀ ਮਜਾਲ ਕਿ ਕੋਈ ਬੁਲੇਟਿਨ ਖੁੰਝ ਜਾਏ? ਵਕਤ ਦਾ ਏਨਾ ਪੱਕਾ ਕਿ ਘੜੀ-ਮੁੜੀ ਘੜੀ ਦੇਖਦਾ ਤੇ ਲੇਟ ਆਉਣ ਵਾਲੇ ਦਾ ਬੂਹਾ ਤੱਕਦਾ। ਬਾਪੂ ਅੰਤਾਂ ਦਾ ਮਖੌਲੀ! ਮਹਿਫ਼ਿਲਾਂ ਦਾ ਬਾਦਸ਼ਾਹ। ਜਦ ਵੀ ਮੈਂ ਫੋਨ ਕਰਨਾ ਕਿ ਬਾਪੂ ਕੀ ਹਾਲ ਐ? ਅੱਗੋਂ ਟੁਣਕਦੀ ਆਵਾਜ਼ 'ਚ ਜਵਾਬ ਆਉਣਾ, ''ਐਨ ਮੌਜਾਂ ਐਂ ... ਲਹਿਰੇ ਲੈ ਰਿਹੈਂ ... ਮਿੰਟ ਕੁ ਨੂੰ ਕੋਈ ਪਤਾ ਨਹੀਂ।" ਦੁਨੀਆਂ ਵਿੱਚ ਕੋਈ ਵੀ ਅਣਹੋਣੀ ਵਾਪਰਦੀ ਤਾਂ ਬਾਪੂ ਡਾਹਢਾ ਗੰਭੀਰ ਹੋ ਜਾਂਦਾ। ਜਿਹੜੇ ਦਿਨੀਂ ਅਮਰੀਕਾ 'ਤੇ ਹਮਲਾ ਹੋਇਆ ... ਵਿਸ਼ਵ ਵਪਾਰ ਕੇਂਦਰ ਢਾਹ ਢੇਰੀ ਕਰ ਦਿੱਤੇ ਗਏ ਤਾਂ ਉਦੋਂ ਮੈਂ ਬਾਪੂ ਕੋਲ ਟੋਰਾਂਟੋ ਉਹਦੀ ਬੇਟੀ (ਬੀਬੀ) ਚਰਨਜੀਤ ਕੌਰ ਦੇ ਘਰ ਰੁਕਿਆ ਹੋਇਆ ਸਾਂ। ਰੇਡੀਓ ਸੁਣਦੇ ਬਾਪੂ ਦੇ ਅੱਥਰੂ ਵਗਣ ਲੱਗ ਪੈਂਦੇ। ਕੋਲ ਬੈਠਾ ਮੈਂ ਵੀ ਉਦਾਸ ਹੋ ਜਾਂਦਾ। ਬੀਬੀ-ਭੂਆ ਆਖਦੀ, ''ਬਾਪੂ ਨੇ ਤਾਂ ਸਾਰੇ ਲੋਕਾਂ ਦਾ ਦਰਦ ਆਪਣੇ ਦਿਲ 'ਚ ਸਮੋ ਰੱਖਿਆ ਐ ਪੁੱਤ ... ਏਹ ਕਿਸੇ 'ਤੇ ਜੁਲਮ ਹੁੰਦਾ ਜਰ ਨ੍ਹੀ ਸਕਦਾ ...।"
ਮੈਂ ਸਾਲ 1999 ਤੋਂ ਲੈ ਕੇ ਉਹਨਾਂ ਦੇ ਆਖ਼ਰੀ ਵੇਲੇ ਤੀਕ ਬਾਪੂ ਦੀ ਜੀਵਨ ਸ਼ੈਲੀ, ਸ਼ਖ਼ਸੀਅਤ, ਕਵੀਸ਼ਰੀ ਕਲਾ, ਆਦਿ ਨੂੰ ਇੱਕ ਖੋਜੀ ਦੀ ਤਰਾਂ ਵਾਚਦਾ-ਵੇਖਦਾ ਰਿਹਾ। ਬਾਪੂ ਨਾਲ ਸਬੰਧਤ ਕਾਫੀ ਕੁੱਝ ਇਕੱਠਾ ਕੀਤਾ, ਉਹਦੇ ਦੁਰਲੱਭ ਕਿੱਸੇ-ਚਿੱਠੇ, ਹੱਥ ਲਿਖਤਾਂ, ਰਿਕਾਰਡ, ਮੁਲਾਕਾਤਾਂ, ਤਸਵੀਰਾਂ ਆਦਿ ਸੰਭਾਲ-ਸੰਭਾਲ ਰੱਖਦਾ ਰਿਹਾ। ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਬਾਪੂ ਬਾਰੇ ਮੇਰੀ ਪਹਿਲੀ ਪੁਸਤਕ 'ਕਰਨੈਲ ਸਿੰਘ ਪਾਰਸ-ਜੀਵਨ ਤੇ ਰਚਨਾ' ਦੇ ਚਾਰ ਐਡੀਸ਼ਨ ਛਪ ਚੁੱਕੇ ਹਨ। ਬਾਪੂ ਦੀ ਕਵੀਸ਼ਰੀ ਤੇ ਸ਼ਖ਼ਸੀਅਤ ਬਾਰੇ ਪੰਜਾਬ ਦੇ ਉੱਘੇ 70 ਲੇਖਕਾਂ ਤੋਂ ਲੇਖ ਲਿਖਵਾ ਕੇ ਇੱਕ ਵੱਡ ਅਕਾਰੀ ਕਿਤਾਬ 'ਵੱਡਮੁਲਾ ਪਾਰਸ' ਸੰਪਾਦਤ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਸਤੇ ਬਾਪੂ ਬਾਰੇ ਖੋਜ-ਨਿਬੰਧ ਲਿਖੇ। ਅਕਾਸ਼ਵਾਣੀ ਜਲੰਧਰ, ਬਠਿੰਡਾ (ਐਫ.ਐੱਮ.) ਤੇ ਦੂਰਦਰਸ਼ਨ ਲਈ ਬਾਪੂ ਬਾਰੇ ਦਸਤਾਵੇਜ਼ੀ ਫੀਚਰ ਲਿਖੇ ਤੇ ਤਿਆਰ ਕਰਵਾਏ। ਭਾਸ਼ਾ ਵਿਭਾਗ ਪੰਜਾਬ ਸਰਕਾਰ ਨੇ 'ਪੰਜਾਬ ਕੋਸ਼' ਵਿੱਚ ਬਾਪੂ ਬਾਰੇ ਵਿਸੇਸ਼ ਇੰਦਰਾਜ ਲਿਖਵਾਇਆ। ਮੈਨੂੰ ਸੰਤੁਸ਼ਟੀ ਭਰਿਆ ਅਹਿਸਾਸ ਹੈ ਕਿ ਮੈਂ ਇਹ ਸਭ ਕਾਰਜ ਬੜੀ ਸਹਿਜਤਾ ਨਾਲ ਕਰਦਾ ਰਿਹਾ ਹਾਂ। ਕਦੇ-ਕਦੇ ਬਾਪੂ ਦੀ ਬਹੁਤ ਯਾਦ ਆਉਣ ਲੱਗ ਪੈਂਦੀ ਹੈ। ਕਿੰਨੇ ਵਾਰੀ ਹੀ ਉਹ ਮੇਰੇ ਘਰ ਆਇਆ ਸੀ। ਮੈਂ ਉਹਦੇ ਨਾਲ ਅਨੇਕਾਂ ਥਾਵਾਂ 'ਤੇ ਘੁੰਮਿਆ ਫਿਰਿਆ ਸੀ। ਬਹੁਤ ਯਾਦਾਂ ਹਨ ਬਾਪੂ ਦੀਆਂ, ਕਦੇ ਨਾ ਭੂੱਲਣ ਵਾਲੀਆਂ। 22 ਫਰਵਰੀ 2009 (ਅੰਤਲੇ ਦਿਨਾਂ ਦੇ ਨੇੜ) ਦੀ ਗੱਲ ਹੈ। ਰਾਮੂਵਾਲੇ ਗਿਆ ਸਾਂ ਬਾਪੂ ਨੂੰ ਮਿਲਣ। ਟੋਰਾਂਟੌ ਤੋਂ ਬਾਪੂ ਦੀ ਧੀ ਬੀਬੀ ਚਰਨਜੀਤ ਕੌਰ ਤੇ ਉਹਦਾ ਪਤੀ ਅਮਰਜੀਤ ਸਿੰਘ ਆਏ ਹੋਏ ਸਨ ਤੇ ਉਹਦੀ ਸੇਵਾ-ਸੰਭਾਲ ਕਰ ਰਹੇ ਸਨ। ਇਹਨਾਂ ਦੋਵਾਂ ਜੀਆਂ ਨੇ ਬਾਪੂ ਦੀ ਪੁੱਜ ਕੇ ਤੇ ਰੱਜ ਕੇ ਸੇਵਾ ਕੀਤੀ।
ਬਾਪੂ ਕਿਸੇ ਨੂੰ ਪਛਾਣਦਾ ਨਹੀਂ ਸੀ। ਮਹੀਨਾ ਕੁ ਪਹਿਲਾਂ ਆਇਆ ਸਾਂ ਤਾਂ ਬਾਪੂ ਨੇ ਮੇਰਾ ਨਾਂ ਲਿਆ ਸੀ ਤੇ ਕਿਹਾ ਸੀ, ''ਅੱਗੇ ਨਾਲੋਂ ਰਾਜ਼ੀ ਲੱਗਦੈਂ ... ਮੋਟਾ ਹੋ ਗਿਆ ਐਂ ... ਆਬਦੇ ਡਰੈਵਰ ਨੂੰ ਸੱਦ ਸੌ ਰੁਪੱਈਆ ਦੇਵਾਂ।" ਜਦ ਹੁਣ ਗਿਆ ਸਾਂ ਤਾਂ ਬੀਬੀ ਦੇ ਦੱਸਣ 'ਤੇ ਵੀ ਨਹੀਂ ਪਛਾਣ ਸਕੇ। ਫਿਰ ਕਾਗਜ਼ 'ਤੇ ਮੋਟੇ ਅੱਖਰਾਂ ਵਿੱਚ ਨਾਂ ਲਿਖ ਕੇ ਅੱਗੇ ਕੀਤਾ ਤਾਂ ਬੋਲੇ, ''ਓ ਘੁਿਗਆਣਵੀ ਐਂ?" ਬੀਬੀ ਦੱਸਣ ਲੱਗੀ, ''ਕੱਲ੍ਹ ਈ ਮੋਗਿਓਂ ਲੈ ਕੇ ਆਏ ਆਂ ਹਸਪਤਾਲ ਰਹੇ ਐ ਦੋ ਦਿਨ ... ਹਸਪਤਾਲ 'ਚ ਮੁੰਡਿਆਂ ਨੂੰ ਕਹਿੰਦੇ ਵਈ ਆਥਣ ਹੋਗੀ ... ਸੱਤ ਵੱਜਗੇ ਐ ਕਿ ਹਾਲੇ ਨ੍ਹੀਂ ... ਲਿਆਓ ਯਾਰ ਮੈਂਨੂੰ ਪੈੱਗ-ਪੁੱਗ ਦਿਓ ... ਮੁੰਡੇ ਕਹਿੰਦੇ ਅਖੇ ਬਾਪੂ ਜੀ ਤੁਸੀਂ ਬੀਮਾਰ ਓਂ ... ਅੱਜ ਨ੍ਹੀ ਥੋਨੂੰ ਪੈੱਗ ਦੇਣਾ ... ਏਹ ਤਾਂ ਖਹਿੜੇ ਪੈਗੇ..ਅਖੇ ਦਿਓ ... ਡਾਕਟਰ ਕਹਿੰਦੇ ਦੇ ਦਿਓ ... ਦੇ ਦਿਓ ... ਕੋਈ ਖਾਸ ਬੀਮਾਰੀ ਤਾਂ ਹੈਨੀ ਬਾਪੂ ਨੂੰ ... ਤੇ ਮੁੰਡੇ ਲਿਆਏ ਪਊਆ ... ਦੋ ਇਹਨਾਂ ਨੇ ਪੀਤੇ ਤੇ ਵਧੀਆ ਹੋਗੇ ... ਗੱਲਾਂ ਮਾਰਨ ਲੱਗੇ ਹਮੇਸ਼ਾ ਵਾਗੂੰ।"ਵਿੰਨੀਪੈੱਗ ਤੋਂ ਆਇਆ ਬਾਪੂ ਦਾ ਪ੍ਰੇਮੀ ਰਾਜ ਮਾਨ ਦੱਸਣ ਲੱਗਿਆ ਕਿ ਏਹ ਉਦੋਂ ਦੀ ਗੱਲ ਐ ਜਦੋਂ ਇੱਕ ਵਾਰੀ ਗੁਰਦਾਸ ਮਾਨ ਦਾ ਸ਼ੋਅ ਉਹਨਾਂ ਦੇ ਸ਼ਹਿਰ ਹੋਇਆ ਤਾਂ ਗੁਰਦਾਸ ਕਹਿੰਦਾ ਕਿ ਬਾਪੂ ਪਾਰਸ ਦੇ ਦਰਸ਼ਨ ਕਰਨੇ ਆਂ, ਰਾਜ ਨੇ ਟਿਕਟ ਭੇਜ ਕੇ ਬਾਪੂ ਨੂੰ ਟੋਰਾਂਟੋ ਤੋਂ ਵਿੰਨੀਪੈੱਗ ਬੁਲਾ ਲਿਆ। ਜਦ ਏਅਰਪੋਰਟ ਤੋਂ ਰਾਜ ਮਾਨ ਹੁਰੀਂ ਬਾਪੂ ਨੂੰ ਲੈ ਕੇ ਜਾ ਰਹੇ ਸਨ ਤਾਂ ਰਾਹ ਵਿੱਚ ਗੁਰਦਾਸ ਨੇ ਪੁੱਛਿਆ ਕਿ ਬਾਪੂ ਜੀ ਕਿੰਨੇ ਕੁ ਸਾਲ ਹੋਰ ਜਿਊਣਾ ਅਜੇ?" ਤਾਂ ਬਾਪੂ ਨੇ ਸੁਭਾਵਕ ਹੀ ਕਿਹਾ ਸੀ ਕਿ 28 ਫਰਵਰੀ 2008 ਤੋਂ ਮਗਰੋਂ ਹੀ ਮਰੂੰਗਾ ...। ਬਾਪੂ ਨੇ ਬਿਲਕੁਲ ਸੱਚ ਆਖਿਆ ਸੀ ਤੇ ਉਵੇਂ ਹੋਇਆ। ਬਾਪੂ ਮੌਤ ਦੇ ਆਉਣ ਭੋਰਾ ਫ਼ਿਕਰ ਨਹੀਂ ਸੀ ਕਰਦਾ। ਕਹਿੰਦਾ ਸੀ, ''ਮੌਤ ਦੀ ਮੈਨੂੰ ਡੱਕਾ ਪਰਵਾਹ ਨ੍ਹੀ ... ਭਾਵੇਂ ਹੁਣੇ ਆਜੇ ... ਪਰ ਜਦ ਮੌਤ ਆਵੇ ਤਾਂ ਉਦੋਂ ਮੈਂ ਜਾਂ ਤਾਂ ਕੁੱਝ ਲਿਖ ਰਿਹਾ ਹੋਵਾਂ ਤੇ ਜਾਂ ਪੜ੍ਹ ਰਿਹਾ ਹੋਵਾਂ ... ਮੈਂ ਆਖੂੰਗਾ ਖੋਜਾ ਮੌਤੇ ਖੋਜਾ ... ਕਾਹਲੀ ਨਾ ਕਰ ... ਆਹ ਫ਼ਿਕਰਾ ਪੂਰਾ ਕਰ ਲੇਣ ਦੇ ਮੈਨੂੰ ... ਮਿੰਟ ਕੁ ਠਹਿਰਜਾ ਫੇਰ ਭਾਵੇਂ ਲੈਜੀਂ ਮੈਨੂੰ ...।"
ਨਿੰਦਰ ਘੁਗਿਆਣਵੀ

No comments:

Post a Comment