ਕਿੱਧਰ ਗਈ ਖੌਰੇ ਕੌਣ ਲੈ ਗਿਆ !
ਅਮਰਦੀਪ ਸਿੰਘ ਗਿੱਲ
ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!
ਜਿਹੜੀ ਮੇਰੇ ਵਿਹੜੇ ਵਾਲੇ ਰੁੱਖ ਉੱਤੇ ਰਹਿੰਦੀ ਸੀ ,
ਕਦੇ ਕਦੇ ਆ ਕੇ ਮੇਰੇ ਮੋਢੇ ਉੱਤੇ ਬਹਿੰਦੀ ਸੀ ,
ਕੌਣ ਉਸ ਕੋਇਲ ਦੀ ਧੌਣ ਲੈ ਗਿਆ !
ਕਿੱਧਰ ਗਈ ਖੌਰੇ ਕੌਣ ਲੈ ਗਿਆ !
ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!
ਮੇਰੇ ਕੋਲ ਵੰਝਲੀ ਏ ਉਹਦੇ ਕੋਲ ਬੁੱਲ ਨੇ ,
ਮੇਰਾ ਸਾਰਾ ਬਾਗ ਲੁੱਟ ਲਿਆ ਇੱਕ ਫੁੱਲ ਨੇ ,
ਇੱਕ ਹਾੜ ਸਾਡੇ ਪਿੰਡ ਕੋਲੋਂ ਸਾਉਣ ਲੈ ਗਿਆ !
ਕਿੱਧਰ ਗਈ ਖੌਰੇ ਕੌਣ ਲੈ ਗਿਆ !
ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!
ਚੋਰੀ ਹੋਏ ਮੌਸਮਾਂ ਦਾ ਕੀਤਾ ਜਾਂ ਹਿਸਾਬ ਮੈਂ ,
ਮੰਗਿਆ ਨਾ ਕਿਸੇ ਕੋਲੋਂ ਕੋਈ ਵੀ ਜਵਾਬ ਮੈਂ ,
ਕੌਣ ਜਿੰਦ ਵਾਲੇ ਘੱਗਰੇ ਦੀ ਲੌਣ ਲੈ ਗਿਆ !
ਕਿੱਧਰ ਗਈ ਖੌਰੇ ਕੌਣ ਲੈ ਗਿਆ !
ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!
ਸੁਪਨੇ ਯਤੀਮ ਹੋਏ ਗਲ ਨਾਲ ਲਾ ਲਏ ,
ਝੂਠੇ ਲਾਰੇ ਲਾ ਕੇ ਰੋਂਦੇ ਬਾਲ ਵੀ ਵਰਾ ਲਏ ,
ਮਾਂ ਜਿੰਨਾ ਦੀ ਨੂੰ ਕੋਈ ਯਾਰੋ ਗਾਉਣ ਲੈ ਗਿਆ !
ਕਿੱਧਰ ਗਈ ਖੌਰੇ ਕੌਣ ਲੈ ਗਿਆ !
ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!

No comments:
Post a Comment