Friday, 20 April 2012

ਪ੍ਰਵੀਨ ਸ਼ਰਮਾਂ

'ਲੜਕਾ ਲੜਕੀ ਇੱਕ ਸਮਾਨ'  
ਮੈਂ ਪੜ੍ਹਿਆ ਸੀ
ਸਮਝਿਆ ਸੀ
ਮਨ 'ਚ ਵਸਾ ਲਿਆ ਸੀ
'ਲੜਕਾ ਲੜਕੀ ਇੱਕ ਸਮਾਨ'
ਮੇਰੇ ਮਜਦੂਰ ਬਾਪ ਨੇ
ਕੀਤਾ ਸੀ ਸਾਕਾਰ
ਮੈਨੂੰ ਵੀਰਾਂ ਨਾਲੋਂ ਦਿੱਤਾ
ਵੱਧ ਪਿਆਰ ਤੇ ਦੁਲਾਰ .
ਮੈਨੂੰ ਪੈਰਾਂ ਤੇ ਖੜ੍ਹੀ ਕਰਨ ਲਈ
ਮਾਂ ਹੋ ਗਈ ਗੋਡਿਆਂ ਭਾਰ
ਜਦੋਂ ਮੈਂ  ਕਾਬਲ ਹੋਈ , ਉਂਗਲ ਛੱਡ ਕੇ
ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੇ
ਤਾਂ ਮੋਢਿਆਂ ਤੱਕ ਆਈ ਧੀ
ਲੁਕਦੀ ਨਹੀਂ ਬਾਬਲ ਦੇ ਘਰ ਦੀਆਂ ਕੰਧਾਂ 'ਚ
ਧੀਆਂ ਰੱਖੀਆਂ ਨਾ ਰਾਜੇ ਰਾਣੀਆਂ
ਹਿੱਕ ਨਾਲ ਲਾਕੇ ਪਰਤ ਆਇਆ
ਬਾਬਲ ਮੈਨੂੰ ਤੋਰ ਕੇ ...
ਅੱਜ ਵੀ ਓਥੇ ਹੀ ਖਲੋਤਾ ਹੈ
ਮੇਰਾ  ਬੁੱਢਾ ਮਜਦੂਰ ਬਾਪ
ਤੇ ਮੈਂ ਪੈਰਾਂ ਸਿਰ ਹੋ ਕੇ ਵੀ
ਖੜੀ ਹਾਂ ਗੋਡਿਆਂ ਭਾਰ .
ਕਿਉਂ ਕਿ ਮਾਂ ਅਕਸਰ ਆਖਦੀ ਹੈ
ਨੀਵੀਂ ਹੋ ਕੇ ਕੱਟ ਲੈ ਦਿਨ ਧੀਏ
ਧੀ ਤੇ ਧਰਤੀ ਹੁੰਦੀਆਂ ਬੇਗਾਨੇ ਬਸ ਧੀਏ
ਧਰਤ ਮਹਾਨ ਧੀਏ ਸਭ ਕੁਝ ਜ਼ਰਦੀ
ਸੀ ਨਾ ਕਰਦੀ
ਫੇਰ ਵੀ ਜਿੰਦਗੀ ਦਾ ਦਮ ਭਰਦੀ
ਧੀ ਤੇ ਧਰਤ ਸਮਾਨ ਧੀਏ
ਅੰਬਰ ਵਰ੍ਹਦਾ , ਧਰਤੀ ਦੀ ਹਿੱਕ ਠਰਦੀ
ਅੰਬਰ ਤਪਦਾ , ਧਰਤੀ ਦੀ ਹਿੱਕ ਸੜ੍ਹਦੀ
ਠਰੇ ਜਾਂ ਸਾੜੇ ਬਿਨ੍ਹਾਂ ਅੰਬਰ ਦੇ ਨਾ
ਧਰਤੀ ਦੀ ਹੋਂਦ ਧੀਏ
ਸੁੰਨੇ ਅੰਬਰ ਦੀ ਧਰਤ
ਬੰਜ਼ਰ ਜ਼ਮੀਨ ਧੀਏ ....
ਖੰਬ ਉਨ੍ਹੇ ਹੀ ਖੋਲੀਂ
ਜਿੰਨੀ ਤੇਰੀ ਉਡਾਨ ਧੀਏ
ਮੁੱਖੋਂ ਉਹਨਾਂ ਹੀ ਬੋਲੀਂ ਜਿਨ੍ਹੀਂ ਤੇਰੀ ਔਕਾਤ ਧੀਏ
ਉਸਨੇ ਤਾਂ ਕਿੰਨੀ ਵਾਰ ਦਰਸਾਇਆ
ਮੇਰੀਆਂ ਰੀਝਾਂ ਤੇ ਮੇਰੀ ਔਕਾਤ ਵਿਚਲਾ ਫਾਸਲਾ
ਪਰ ਮੈਂ ਭੁੱਲ ਜਾਂਦੀ ਹਾਂ
ਮਾਂ, ਧੀ ਤੇ ਧਰਤੀ ਵਾਲਾ ਸੰਵਾਦ
ਬਸ ਸੋਚਦੀ ਹਾਂ
'ਲੜਕਾ ਲੜਕੀ ਇੱਕ ਸਮਾਨ '
ਉਸਨੂੰ ਵੀ ਇਤਰਾਜ਼ ਹੈ
ਮੇਰੇ  ਬਹੁਤਾ ਬੋਲਣ 'ਤੇ
ਪਰ ਭੁਲਦੇ ਨੇ ਸਾਰੇ
ਭਾਸ਼ਾ ਵਿਗਿਆਨ ਅਨੁਸਾਰ
"ਮਨੁੱਖ ਬੋਲਦਾ ਹੈ ਮਨ ਦੇ
ਵਲਵਲਿਆਂ ਦਾ ਸੰਚਾਰ ਕਰਨ ਲਈ
ਭਾਸ਼ਾ ਸੰਚਾਰ ਦਾ ਮਾਧਿਅਮ ਹੀ ਤਾਂ ਹੁੰਦੀ ਹੈ  
ਪਰ ਫੇਰ ਵੀ
ਹੁਣ ਜਦੋਂ ਮੈਂ ਬੋਲਦੀ ਹਾਂ
ਵਾਕ ਬੇ-ਵਾਕ ਹੋ ਜਾਂਦੇ ਨੇ
ਮੂੰਹੋਂ ਨਿਕਲਦੇ ਸ਼ਬਦ ਮੂੰਹ ਚਿੜਾਉਂਦੇ ਨੇ,
'ਚੁੱਪ ਨਹੀਂ ਰਹੀ ਸਕਦੀ , ਸਮਝਾਉਂਦੇ ਨੇ
ਮੈਨੂੰ ਮੇਰੀ ਔਕਾਤ ਚ ਰਹਿਣਾ ਸਿਖਾਉਂਦੇ ਨੇ
ਮਾਂ ਦੇ ਵਲਵਲਿਆਂ ਦਾ ਗਰਭਪਾਤ ਹੋ ਜਾਂਦਾ
ਮਰੇ ਭਰੂਣ ਨੂੰ ਹਿੱਕ ਨਾਲ ਲਾ ਕੇ
ਮੈਂ ਮਾਤਮ ਮਨਾਉਂਦੀ ਹਾਂ
ਚੀਕਦੀ ਹਾਂ , ਚਿਲਾਉਂਦੀ ਹਾਂ ,
ਬਹੁਤ ਬੋਲਦੀ ਹਾਂ ਫੇਰ
ਯੱਕ ਕੇ , ਹਾਰ ਕੇ, ਮਜਬੂਰ ਹੋ ਕੇ
ਆਪਣੇ ਮਨ ਦੇ ਵਲਵਲਿਆਂ ਦਾ
ਭਰੂਣ ਅਣਖੋਰ ਜੰਗਲ 'ਚ
ਦਫ਼ਨਾ ਕੇ
ਪਰਤ ਆਉਂਦੀ ਹਾਂ
ਬਿਨ੍ਹਾਂ ਪੈਰਾਂ ਵਾਲਾ ਪੈੜਾ ਮੁਕਾਉਂਦੀ ਹੋਈ
ਆਪਣੇ ਆਪ ਨੂੰ ਸਮਝਾਉਂਦੀ ਹੋਈ
ਔਰਤ ਧਰਤ ਤੇ ਮਰਦ ਅਸਮਾਨ
ਫੇਰ ਕਿਵੇਂ ਹੋ ਸਕਦੇ ਨੇ
'ਲੜਕਾ ਲੜਕੀ ਇੱਕ ਸਮਾਨ'....?? 
ਪ੍ਰਵੀਨ ਸ਼ਰਮਾਂ

Thursday, 19 April 2012

ਜਗਦੀਸ਼ ਕੌਰ

ਬੰਦਨਬਾਰ  
ਕੁਝ ਖੂਬਸੂਰਤ ਉਮੀਦਾਂ
ਤੇ ਕੁਝ ਚੁਣਿੰਦਾ ਸੁਪਨੇ
ਉਣ ਕੇ ਬੰਦਨਬਾਰ...!
ਟੰਗ ਦਿੰਦੀ ਹਾਂ ਘਰ ਦੇ ਬੂਹੇ 'ਤੇ
ਅਤੇ ਕੱਟਣ ਲਗ ਪੈਂਦੀ ਹਾਂ ਜਣੇਪਾ-
ਲਗਾਤਾਰ.....!
ਵੰਨ-ਸੁਵੰਨੇ ਰੰਗਾਂ ਦੇ
ਉਣਦਿਆਂ ਗੋਲ਼ੇ
ਪੋਲੇ ਜਿਹੇ
ਜੀਰਦੀ ਹਾਂ ਸਮੇਂ ਨੂੰ
ਜਰਦੀ ਹਾਂ ਉੱਸਲਵੱਟਿਆਂ ਨੂੰ
ਤੱਕਦੀ ਹਾਂ ਸੁਪਨਿਆਂ ਨੂੰ
ਜਿਥੇ ਬੰਦਨਬਾਰ 'ਚ ਟੰਗੀਆਂ
ਇਹ ਟੱਲੀਆਂ
ਵੱਜਦੀਆਂ ਨੇ ਲਗਾਤਾਰ.....
ਖੁੱਲ੍ਹਦੇ ਜਾਂਦੇ ਨੇ ਦਸਮ-ਦਵਾਰ...!
ਕੁਝ ਚੁਣਿੰਦਾ ਸੁਪਨੇ
ਉਣ ਕੇ ਬੰਦਨਬਾਰ...
ਕੱਟਦੀ ਹਾਂ ਜਣੇਪਾ ਲਗਾਤਾਰ...!

ਜਗਦੀਸ਼ ਕੌਰ



ਜਗਜੀਤ ਕੌਰ ਜੌਹਲ

ਭਾਵਨਾਵਾਂ
ਕਦੇ ਕਦੇ

ਜਦ ਹਵਾ ਦੇ ਬੁੱਲੇ ਵਿੱਚ

ਤੇਰੇ ਜਿਸਮ ਦੀ ਖ੍ਸ਼ੁਬੂ ਆਵੇ

ਇਹ ਨੀਮਾਨਾਂ ਦਿਲ

ਬੜਾ ਹੀ ਤੜਫ ਜਾਵੇ !

ਦਿਲ ਕਾਹਲਾ ਪਵੇ

ਤੇਰੇ ਪਾਸ ਹੋਣ ਲਈ

ਪਰ

ਸਮਾਜਿਕ ਬੇੜੀਆਂ ਤੋਂ

ਮਨ ਘਬਰਾਵੇ !
ਫਿਰ ਇਹੀ ਦਿਲ ਕਹੇ,

ਚੁੱਕ ਬਗਾਵਤ ਦਾ ਝੰਡਾ
ਕਰ ਜੋ ਤੇਰਾ ਦਿਲ ਚਾਵੇ

ਪਰ

ਇਹ ਪਰਵਾਰਿਕ ਇਜ਼ਤਾਂ ਦਾ ਮਸਲਾ

ਬਗਾਵਤ ਦਾ ਝੰਡਾ

ਪੈਰਾਂ ਥੱਲੇ ਕੁਚ੍ਲਾਵੇ !

ਪਰ ਸਜਨੋ !

ਪਤਾ ਨਹੀ ਕਿਓਂ

ਕਦੇ ਕਦੇ

ਮਨ ਬੇਹੁਦ੍ਰੀਆਂ ਗੱਲਾਂ ਕਰਨਾ ਚਾਵੇ੧
ਪਰ ਦੁਨੀਆਂ ਦੇ ਸਾਥ ਦੀ ਲੋੜ ਭੀ

ਇੱਕ ਅੜਿਕਾ ਬਣ ਜਾਵੇ

ਤੇ ਇਨ੍ਹਾਂ ਭਾਵਨਾਵਾਂ ਦਾ

ਮਲੀਆ ਮੇਟ ਕਰਾਵੇ !

ਜਗਜੀਤ ਕੌਰ ਜੌਹਲ, Warwickshire, United Kingdom

ਗੁਲਸ਼ਨ ਦਿਆਲ


ਕੀ ਕਰਾਂਗੀ .....................?

ਬਹੁਤ ਡਰਦੀ ਹਾਂ ਮੈਂ
ਉਸ ਪਾਰ ਜਾਣ ਤੋਂ
ਕਿਵੇਂ ਜਾਵਾਂਗੀ ਮੈਂ
ਤੇ ਫਿਰ ਕਿਵੇਂ ਮੁੜ ਸਕਾਂਗੀ ਮੈਂ ?
ਕੀ ਹੋਵੇਗਾ - ਜੇ ਕਿਸੇ ਪਿੰਡ ਦੀ ਜੂਹ ਨੇ
ਮੇਰੀਆਂ ਪੈੜਾਂ ਨੂੰ ਪੱਛਾਣ ਲਿਆ ?
ਕੀ ਹੋਵੇਗਾ
ਜੇ ਕਿਸੇ ਬੋਹੜ ਦੀ ਛਾਂ
ਮੇਨੂੰ ਦੇਖ ਵਿਲ੍ਹਕ ਉੱਠੀ
ਤੇ ਫਿਰ ਉਹ ਬੋਹੜ ਮੇਨੂੰ ਆਖੇ
ਕਿ ਕਿਵੇਂ ਉਸ ਨੇ ਆਪਣੇ ਚੇਤੇ ਵਿਚ
ਮੇਰੇ ਬਚਪਨ ਦੀਆਂ ਕਿਲਕਾਰੀਆਂ
ਸਾਂਭ ਰੱਖੀਆਂ ਹਨ ..
ਕੀ ਕਰਾਂਗੀ ਜੇ ਨਾਨਕ ਦੀ ਜਨਮ
ਧਰਤੀ ਦੀ ਆਬੋ ਹਵਾ ਨੇ
ਮੇਨੂੰ ਪਛਾਣ ਲਿਆ ਤੇ ਮੇਨੂੰ ਦੱਸਿਆ
ਕੀ ਅਜੇ ਵੀ ਉਸ ਦੇ ਸਾਹਾਂ ਵਿਚ
ਮੇਰੀ ਮਾਂ ਦਾ ਜਪਿਆ ਜਪੁਜੀ
ਸੁਣਾਈ ਦਿੰਦਾ ਹੈ
ਕੀ ਕਰਾਂਗੀ ਜੇ ਰਾਵੀ ਦੀਆਂ ਛੱਲਾਂ
ਮੇਰੇ ਪੈਰਾਂ ਨੂੰ ਚੁੰਮਣ ਆਈਆਂ
ਤੇ ਜਾਂਦੀਆਂ ਜਾਂਦੀਆਂ ਮੇਰੀਆਂ
ਅਖੀਆਂ ' ਚ ਪਾਣੀ ਭਰ ਗਈਆਂ
ਕੀ ਕਰਾਂਗੀ ਜੇ ਫਿਰ ਝੰਨਾਂ ਨੇ
ਮੇਨੂੰ ਸੋਹਣੀ ਦੀ ਗੱਲ ਸੁਣਾਈ ਤੇ
ਤੇ ਆਖਿਆ , " ਮੇਰੇ ਕੋਲ ਰਹਿ ,
ਤੇ ਆਹ ਲੈ ਤੇਰਾ ਮਹੀਵਾਲ !"
ਪਰ ਫਿਰ ਉਹੀ ਕੱਚਾ ਘੜ੍ਹਾ
ਮੇਰੇ ਪੈਰਾਂ ਨੂੰ ਲਾਇਆ
ਕੀ ਕਰਾਂਗੀ ਜੇ ਫਿਰ
ਕਿਸੇ ਜੰਗਲ ਬੇਲੇ ਨੂੰ
ਯਾਦ ਆਇਆ
ਕਿ ਉੱਥੇ ਹੀ ਕਿਸੇ ਝੰਡ ਹੇਠ
ਮੇਰੀ ਪੱਤ ਲੁੱਟੀ ਗਈ ਸੀ
ਕੀ ਕਰਾਂਗੀ ਜੇ ਤੇਰੇ ਪਿੰਡ ਦੇ ਖੇਤਾਂ ਨੇ
ਮੇਨੂੰ ਦੱਸਿਆ ਕਿ ਉਥੇ ਕਿਸੇ ਕਮਾਦ
ਵਿਚ ਮੈਂ ਕਿੰਝ ਬੇ ਆਬਰੂ ਹੋਈ ਸਾਂ
ਕੀ ਕਰਾਂਗੀ ਜੇ ਕਿਸੇ ਖੂਹ ਨੇ
ਨੇ ਦੱਸਿਆ ਕਿ ਕਿਵੇਂ ਉਸ ਨੇ
ਮੇਰੀਆਂ ਭੈਣਾਂ ਤੇ ਸਹੇਲੀਆਂ
ਦੀਆਂ ਚੀੱਕਾਂ ਸਾਂਭ ਰੱਖੀਆਂ ਨੇ
ਕੀ ਕਰਾਂਗੀ ਜੇ ਤੇਰੇ
ਅਨਾਰਕਲੀ ਦੇ ਬਾਜ਼ਾਰ ਨੇ
ਮੇਰਾ ਰੇਸ਼ਮੀ ਮੁਲਾਇਮ
ਹਾਸਾ ਪਛਾਣ ਲਿਆ
ਜਿਥੋਂ ਕਿ ਮੈਂ ਆਪਣਾ ਸ਼ਿੰਗਾਰ
ਖਰੀਦਿਆ ਸੀ
ਫਿਰ ਉਸੇ ਸ਼ਾਮ ਇੱਕ
ਗੁਰਦੁਆਰੇ ਵਿਚ ਜਲਾ ਦਿੱਤੀ ਗਈ ਸੀ
ਕੀ ਕਰਾਂਗੀ ਜੇ ਹੱੜਪਾਂ ਦੇ ਖੰਡਰਾਂ ਨੇ
ਮੇਰੀਆਂ ਆਖਾਂ ਦੀ ਉਦਾਸੀ ਨੂੰ ਪਛਾਣ
ਮੇਰੇ ਹੱਥਾਂ ਵਿਚ
ਕੋਈ ਸੁਫਨਾ ਫੜ੍ਹਾ ਦਿੱਤਾ
ਕਿਸ ਤਰ੍ਹਾਂ ਤੇ ਕਿਕੂੰ
ਮੈਂ ਜੁਦਾ ਹੋਵਾਂਗੀ
ਉਨ੍ਹਾਂ ਕੋਲੋਂ
ਜਿੰਨ੍ਹਾਂ ਦੀਆਂ ਬੁੱਲੀਆਂ ਤੇ
ਉਹੀ ਬੋਲੀ ਹੈ
ਜਿਸ ਬੋਲੀ ਵਿਚ
ਮੇਰੀ ਮਾਂ ਨੇ ਲੋਰੀ ਗਾਈ ਸੀ
ਤੇ ਜੋ ਮੈਂ ਆਪਣੀ ਮਾਂ
ਦੇ ਦੁੱਧ ਦੇ ਨਾਲ ਨਾਲ ਸਿਖੀ ਸੀ
ਤੁਸੀਂ ਸਾਰੇ ਮੇਰੀ ਬੋਲੀ ਬੋਲਣ ਵਾਲੇ
ਕਿੰਨੀ ਦੇਰ ਮੇਨੂੰ ਆਪਣੇ ਗੱਲ ਨਾਲ
ਲਾ ਕੇ ਰਖ ਸਕੋਗੇ
ਇੱਕ ਗੈਰ ਮੁਸਲਿਮ ਨੂੰ ?
ਕੀ ਤੁਸੀਂ ਮੇਥੋਂ ਮੇਰਾ ਮਜ਼ਹਬ ਖੋਹੋਗੇ ?
ਕੀ ਕਰਾਂਗੀ ਜੇ ਕੋਈ ਬਾਵਰਾ
ਪੁੱਛ ਬੈਠਾ
"ਸੁਹਣੀਏ ਕੁੜੀਏ
ਕੀ ਮੇਰੇ ਪਿੰਡ ਦੀਆਂ ਸੱਥਾਂ ਦਾ
ਮੇਰੇ ਬਾਝੋਂ ਦਿਲ ਲੱਗ ਗਿਆ ਸੀ ?"
ਕੀ ਦਸਾਂਗੀ ਜੇ ਕਿਸੇ ਨੇ
ਮੇਨੂੰ ਪੁੱਛ ਲਿਆ
ਸਕੀਨਾ ਦੀ ਅੱਬਾ ਦੀ ਲਾਸ਼ ਬਾਰੇ
ਕਿ ਉਹ ਕਿਵੇਂ ਠਿਕਾਣੇ ਲਾਈ ਸੀ ?
ਕੀ ਦਸਾਂਗੀ ਜੇ ਕਿਸੇ
ਮੇਨੂੰ ਉਸ ਖੂਹ ਬਾਰੇ ਪੁੱਛ ਲਿਆ
ਜਿਸ ਵਿਚ ਸਕੀਨਾ ਦੀਆਂ ਭੈਣਾਂ ਕੁੱਦੀਆਂ ਸਨ
ਕੀ ਕਰਾਂਗੀ ਜੇ ਕਿਸੇ ਨੇ ਪੁੱਛ ਲਿਆ
ਮੇਨੂੰ ਆਪਣੀ ਗੁਆਚੀ ਧੀ ਬਾਰੇ
ਕਿਸੇ ਆਪਣੇ ਵੱਢੇ ਪੁੱਤ ਬਾਰੇ
ਕੀ ਕਰਾਂਗੀ ਤੇ ਕੀ ਦ੍ਸਾਂਗੀ ਮੈਂ
ਤੇ ਫਿਰ ਮੈਂ ਕਿਵੇਂ ਮੁੜਾਂਗੀ
ਜਦ ਤੂੰ ਮੇਨੂੰ ਆਖੇਂਗਾ
ਕਿ ਮੈਂ ਤਾਂ ਤੇਰਾ ਕੋਈ ਗੁਆਚਾ ਸੁਫਨਾ ਸੀ
ਪਰ ਤੇਰੇ ਪਿੰਡ ਤੇ ਤੇਰੀ ਜਾਤ ਲਈ
ਮੈਂ ਤਾਂ ਗੈਰ ਮਜ਼ਹਬ ਹਾਂ
ਕੀਕੂੰ ਸਮਝਾਵਾਂਗੀ
ਕਿ ਮੈਂ ਤਾਂ ਸਿਰਫ ਮੈਂ ਹਾਂ
ਸਾਦ ਮੁਰਾਦੀ
ਕਮਲੀ ਰਾਮਲੀ
ਰੱਬ ਦੀ ਜਾਈ !!!

ਗੁਲਸ਼ਨ ਦਿਆਲ, Fremont, California  

ਅਮਰ 'ਸੂਫੀ'

ਬਾਬਾ ਬਣ ਜਾ ਯਾਰ ......

 ਬਾਬਾ ..ਬਣ ..ਜਾ.. ਯਾਰ, ਕਿ .ਮੌਜਾਂ .ਮਾਣੇਗਾ
ਫਿਰਦਾ ..ਹੈਂ,.. ਬੇਕਾਰ . ਕਿ.. ਮੌਜਾਂ .ਮਾਣੇਗਾ

ਹੱਥ .'ਚ .ਮਾਲਾ, ਚਿੱਟਾ . ਚੋਲਾ. ਪਹਿਨੀ .ਤੂੰ,
ਰੱਖੀਂ .. ਵਾਲ ..ਖਿਲਾਰ..ਕਿ ..ਮੌਜਾਂ ..ਮਾਣੇਗਾ

ਅਠ.. ਦਸ .ਬੀਬੀਆਂ ਸੇਵਕ .ਹੋਵਣ ਕਾਫੀ ਨੇ,
... ਵਧ ..ਜਾਊ ..ਕਾਰੋਬਾਰ ..ਕਿ.. ਮੌਜਾਂ .ਮਾਣੇਗਾ

ਬੋਲੀ .ਮਿਠੇ ..ਬਚਨ,... ਹਲੀਮੀ ..ਰਖੀਂ...ਤੂੰ,
ਵਿਢੀਂ .ਨਾ ..ਤਕਰਾਰ,.. ਕਿ .ਮੌਜਾਂ ..ਮਾਣੇਗਾ

ਇਤਰ ..ਫੁਲੇਲਾਂ ..ਚੋਲੇ.. 'ਤੇ.. ਲਾ.. ਕੇ. ਰਖੀਂ,
ਆਵੇਗੀ... ਮਹਿਕਾਰ ..ਕਿ.. .ਮੌਜਾਂ ..ਮਾਣੇਗਾ

ਸੋਹਣੇ .ਚੋਬਰ ..'ਬਾਡੀ .ਗਾਰਡ' ..ਰਖ ..ਲਵੀਂ,
ਹਥਾਂ ..ਵਿਚ ..ਹਥਿਆਰ,. ਕਿ .ਮੌਜਾਂ ਮਾਣੇਗਾ

ਸਾਧੂ ..ਗੱਲਾਂ .. ਦਾ ..ਖਟਿਆ.. ਹੀ .ਖਾਂਦੇ .ਨੇ,
ਛੱਡੀਂ...ਗੱਲਾਂ...ਮਾਰ ..ਕਿ ...ਮੌਜਾਂ ..ਮਾਣੇਗਾ

ਵੋਟਾਂ ...ਵੇਲੇ.. ਵੇਖੀਂ ...ਕਿਦਾਂ ...ਆਉਂਦੇ ..ਨੇ,
ਆਗੂ .ਬੰਨ .ਕੇ .ਡਾਰ.. ਕਿ ..ਮੌਜਾਂ ..ਮਾਣੇਗਾ

ਨਾ ..ਲਾਗਤ,. ਨਾ ..ਡਰ. ਹੈ .ਭੋਰਾ .ਘਾਟੇ ਦਾ,
ਚੰਗੈ ....ਕਾਰੋਬਾਰ ...ਕਿ ...ਮੌਜਾਂ ...ਮਾਣੇਗਾ

ਮੂੰਹੋਂ .ਸਹਿਜ .ਸੁਭਾਅ .ਹੀ .ਉਚਰੀਂ .ਤੂੰ .ਏਦਾਂ,
'ਹੋ .ਜੂ ..ਬੇੜਾ. ਪਾਰ'. .ਕਿ. .ਮੌਜਾਂ ..ਮਾਣੇਗਾ

ਹੌਲੀ .ਹੌਲੀ .ਤੇਰਾ .ਵੀ. ਕੰਮ.. ਰਿੜ .ਪਾਊਗਾ,
ਭਾਵੇਂ ...ਸਾਧ ..ਹਜ਼ਾਰ ...ਕਿ.. ਮੌਜਾਂ. ਮਾਣੇਗਾ

ਗੱਲ .ਗੁਪਤ. ਹੈ. ਕੰਨ. 'ਚ . ਦੱਸਾਂ ..ਨੇੜੇ. ਹੋ,
ਜਾਈਂ ..ਬਾਜ਼ੀ .ਮਾਰ... ਕਿ ...ਮੌਜਾਂ ...ਮਾਣੇਗਾ

ਥਾਂ ..ਥਾਂ. ਤੋਂ ..ਫਿਰ. ਤੈਨੂੰ. . ਸੱਦੇ . ਆਵਣਗੇ,
ਕਰਨ ..ਲਈ ..ਪਰਚਾਰ ..ਕਿ. ਮੌਜਾਂ .ਮਾਣੇਗਾ

ਡੇਰਾ.. ਇਕ ..ਬਣਾ ..ਲਈਂ .. ਵੱਡਾ .ਸਾਰਾ. ਤੂੰ
ਰਖੀਂ ....ਸੇਵਾਦਾਰ....ਕਿ..... ਮੌਜਾਂ... ਮਾਣੇਗਾ

ਲੋਕੀਂ .. ਖੁੱਲ੍ਹੀ..ਮਾਇਆ.. .ਮੱਥਾ..... ਟੇਕਣਗੇ
ਆ.. ਤੇਰੇ ...ਦਰਬਾਰ ..ਕਿ ..ਮੌਜਾਂ... ਮਾਣੇਗਾ

ਜਿਹੜਾ ਮੱਥਾ ਟੇਕੇ ਤੂੰ ਬੁੜ .ਬੁੜ ..ਕਰ. ਦੇਈਂ
ਰੱਖੇ .ਸੁਖ. .ਕਰਤਾਰ ..ਕਿ. ..ਮੌਜਾਂ ..ਮਾਣੇਗਾ

ਇਸ. ਧਨ. ਉੱਤੇ .ਕੋਈ. ਟੈਕਸ. ਲਗਦਾ. ਨਈਂ
ਨਾ ..ਪੁੱਛੇ .. ਸਰਕਾਰ ..ਕਿ.. ਮੌਜਾਂ ..ਮਾਣੇਗਾ

ਮਿਤਰਾ ! ਗੇੜਾ.. ਮਾਰੀਂ ...ਵਿਚ. .ਵਿਦੇਸ਼ਾਂ..ਦੇ
ਪੱਠੇ. ਲੈ ..ਜਾਈਂ ..ਚਾਰ ..ਕਿ .ਮੌਜਾਂ. .ਮਾਣੇਗਾ

ਕਿਰਤੀ. ਬੰਦੇ .ਸੁਖ. ਵਿਹਲੜ .ਤੋਂ .ਲਭਦੇ. ਨੇ
ਡਾਢੇ . ਨੇ. ..ਲਾਚਾਰ... ਕਿ...ਮੌਜਾਂ.. ਮਾਣੇਗਾ

ਤੇਰੇ ...ਕਾਲੇ ..ਕਾਰੇ.. .ਚੋਲਾ...ਢਕ ...ਲਊਗਾ
ਲੋਕੀਂ... ਭੁੱਲਣਹਾਰ.. .ਕਿ.... ਮੌਜਾਂ.. ਮਾਣੇਗਾ

ਜਿੰਨੇ.. ਵੀ ...ਜੀ ..ਚਾਹੇ ..ਤੂੰ ..ਅਪਰਾਧ ਕਰੀਂ
ਬਖਸ਼ੂਗੀ .. ਸਰਕਾਰ ...ਕਿ ..ਮੌਜਾਂ.. ਮਾਣੇਗਾ

ਕੰਮ . ਤੇਰੇ.. ਨੂੰ ...ਆਪੇ... ਸੇਵਕ ...ਵੇਖਣਗੇ
ਪੱਕੇ ...ਸੇਵਾਦਾਰ.. ..ਕਿ.... ਮੌਜਾਂ. ..ਮਾਣੇਗਾ

ਉਹ ...ਹੀ ...ਰੋਗੀ ...ਤੇਰੇ ...ਕੋਲ ..ਆਵਣਗੇ
ਮਨ. ਦੇ ..ਜੋ ..ਬੀਮਾਰ ..ਕਿ.. ਮੌਜਾਂ. ਮਾਣੇਗਾ

ਸਾਧਗਿਰੀ .. ਦੀ ..ਖੇਡ .ਮਨੋਵਿਗਿਆਨਕ .ਹੈ
ਲੋਕ ..ਮਨਾਂ. .ਤੇ .ਭਾਰ ..ਕਿ ..ਮੌਜਾਂ .ਮਾਣੇਗਾ

ਇਕ ..ਵਾਰੀ ..ਜੇ .ਤੇਰੀ .ਗੱਡੀ. ਰਿੜ੍ਹ ਪਈ ਤਾਂ
ਹੋ .ਜਾਊ.. ਜੈ. ਜੈ ..ਕਾਰ. ਕਿ .ਮੌਜਾਂ. .ਮਾਣੇਗਾ

ਤੇਰੇ...ਮਗਰੋਂ ... ਤੇਰਾ ..ਪੁੱਤਰ .. ਮੌਜ. ..ਕਰੂ
ਐਸ਼ ..ਕਰੂ ..ਪਰਿਵਾਰ. .ਕਿ.. ਮੌਜਾਂ ..ਮਾਣੇਗਾ

ਵੱਡੇ. .ਨਾਮੀ ..ਘਰ ..ਦੇ ..ਰਿਸ਼ਤੇ ...ਆਵਣਗੇ
ਘੁੱਦੂ .. ਦੇ ...ਲਈ ...ਯਾਰ .ਕਿ .ਮੌਜਾਂ ਮਾਣੇਗਾ

ਪੜ੍ਹਲਿਖ ਕੇ ਤੂੰ .ਕਿਹੜਾ. ਡੀ..ਸੀ..ਲੱਗ ਗਿਆ,
ਫਿਰਦੈਂ ...ਬੇਰੁਜ਼ਗਾਰ... ਕਿ... ਮੌਜਾਂ ..ਮਾਣੇਗਾ

ਯੂ. ਪੀ, ਸੀ. ਪੀ. .ਵੱਲੇ .ਜਾ. ਫਾਰਮ .ਲੈ. ਲਈਂ
ਵਿਕਦੇ .. .ਟੱਕ ..ਹਜ਼ਾਰ. ਕਿ. .ਮੌਜਾਂ. ਮਾਣੇਗਾ

ਨਾਲ ..ਭਰਾ. .ਦੇ ..ਭਾਵੇਂ ..ਠੱਗੀ . ਮਾਰ. .ਲਵੀਂ,
ਸ਼ਰਮ ..ਨਾ ..ਮੰਨੀ. ਯਾਰ.. ਕਿ. ਮੌਜਾਂ .ਮਾਣੇਗਾ

ਗੱਡੀ.... ਉੱਤੇ .. ਰੱਤੀ .. ਬੱਤੀ. . ਲਾ ...ਛੱਡੀਂ,
ਰੱਖੀਂ ...ਔਡੀ ....ਕਾਰ ..ਕਿ ..ਮੌਜਾਂ ...ਮਾਣੇਗਾ

ਬਾਬਾ ..ਬਣ.. ਕੇ ..ਵੇਖ. .ਸਲਾਮਾਂ .ਹੁੰਦੀਆਂ. ਨੇ
ਗਲ ..ਵਿਚ ..ਪੈਂਦੇ ..ਹਾਰ.. ਕਿ. ਮੌਜਾਂ. ਮਾਣੇਗਾ

ਵਿਚ.. ਜੰਜਾਲਾਂ ..ਕਾਹਤੋਂ .ਉਲਝਿਆ .ਤੂੰ .ਯਾਰਾ
ਮੇਰੀ .ਮੰਨ .. ਲੈ ..ਯਾਰ ..ਕਿ ...ਮੌਜਾਂ..ਮਾਣੇਗਾ

ਬਾਬਾ ..ਬਣਨ.. ਦੇ ..ਹੋਰ .ਬੜੇ .ਫਾਇਦੇ. 'ਸੂਫੀ'
ਡਰਦੀ ..ਹੈ ..ਸਰਕਾਰ ..ਕਿ.. .ਮੌਜਾਂ ...ਮਾਣੇਗਾ

ਅਮਰ 'ਸੂਫੀ' 9855543660.

ਅਵਤਾਰ ਸਿੰਘ ਸੰਧੂ

ਗੀਤ 

ਅੱਖਾਂ ਦੱਸਣ ਕਹਾਣੀ ਕਿੰਝ ਰੋ ਰੋ ਬੀਤੇ ਰਾਤ ।
ਮੈਨੂੰ ਪਿਆਰ ਵਿੱਚ ਮਿਲੀ ਹੰਝੂਆਂ ਦੀ ਸੌਗਾਤ ।

ਕਿਸ ਦਰ ਉਤੇ ਜਾਵਾਂ ਕਿਹੜਾ ਪੀਰ ਮੈ ਧਿਆਵਾਂ ।
ਮੇਰਾ ਮਾਹੀ ਮੁੜ ਆਵੇ ਲੱਖ ਸ਼ਗਨ ਮਨਾਵਾਂ ।
ਉਹਦੇ ਬਿਨਾਂ ਇਥੇ ਕੋਈ ਮੇਰੀ ਪੁਛਦਾ ਨਹੀਂ ਬਾਤ ।

ਤਾਰੇ ਭਰਦੇ ਗਵਾਹੀਆਂ ਰਾਤਾਂ ਜਾਗਕੇ ਲੰਘਾਈਆਂ ।
ਮੇਰੇ ਪੋਟੇ ਘਸ ਗਏ ਲੱਖ ਔਸੀਆਂ ਵੀ ਪਾਈਆਂ ।
...ਮੇਰੀ ਮੱਸਿਆ ਬਣੇ ਕਦੇ ਪੁੰਨਿਆ ਦੀ ਰਾਤ ।

ਵੇ ਮੈ ਨਿੱਤ ਹੀ ਸੁਨੇਹੇ ਹੱਥ ਕਾਸਿਦਾਂ ਦੇ ਘੱਲੇ ।
ਤੇਰੀ ਕਰਦੇ ਉਡੀਕ ਅੱਜ ਹੋ ਗਏ ਹਾਂ ਝੱਲੇ ।
ਮੇਰੇ ਭਾਗਾਂ ਵਿੱਚ ਹੋਣੀ ਕਦੋਂ ਵਸਲਾਂ ਦੀ ਰਾਤ ।

ਮੇਰੀ ਉਮਰ ਨਿਆਣੀ ਡਾਹਢਾ ਇਸ਼ਕੇ ਦਾ ਰੋਗ ।
ਜਿੰਦ ਬਿਰਹੋਂ ਸਤਾਈ ਕੱਲੀ ਬਹਿਕੇ ਕਰੇ ਸੋਗ ।
ਸੰਧੂ ਆਣਕੇ ਬਚਾ ਲੈ ਮੋਤ ਲਾ ਕੇ ਬੈਠੀ ਘਾਤ

ਅਵਤਾਰ ਸਿੰਘ ਸੰਧੂ

ਅਮਰਦੀਪ ਸਿੰਘ ਗਿੱਲ

  ਕਿੱਧਰ ਗਈ ਖੌਰੇ ਕੌਣ ਲੈ ਗਿਆ !

 ਕਿੱਧਰ ਗਈ ਖੌਰੇ ਕੌਣ ਲੈ ਗਿਆ !

 ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!

 ਜਿਹੜੀ ਮੇਰੇ ਵਿਹੜੇ ਵਾਲੇ ਰੁੱਖ ਉੱਤੇ ਰਹਿੰਦੀ ਸੀ ,

 ਕਦੇ ਕਦੇ ਆ ਕੇ ਮੇਰੇ ਮੋਢੇ ਉੱਤੇ ਬਹਿੰਦੀ ਸੀ ,

 ਕੌਣ ਉਸ ਕੋਇਲ ਦੀ ਧੌਣ ਲੈ ਗਿਆ !

 ਕਿੱਧਰ ਗਈ ਖੌਰੇ ਕੌਣ ਲੈ ਗਿਆ !

 ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!

 ਮੇਰੇ ਕੋਲ ਵੰਝਲੀ ਏ ਉਹਦੇ ਕੋਲ ਬੁੱਲ ਨੇ ,

 ਮੇਰਾ ਸਾਰਾ ਬਾਗ ਲੁੱਟ ਲਿਆ ਇੱਕ ਫੁੱਲ ਨੇ ,

 ਇੱਕ ਹਾੜ ਸਾਡੇ ਪਿੰਡ ਕੋਲੋਂ ਸਾਉਣ ਲੈ ਗਿਆ !

 ਕਿੱਧਰ ਗਈ ਖੌਰੇ ਕੌਣ ਲੈ ਗਿਆ !

 ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!

 ਚੋਰੀ ਹੋਏ ਮੌਸਮਾਂ ਦਾ ਕੀਤਾ ਜਾਂ ਹਿਸਾਬ ਮੈਂ ,

 ਮੰਗਿਆ ਨਾ ਕਿਸੇ ਕੋਲੋਂ ਕੋਈ ਵੀ ਜਵਾਬ ਮੈਂ ,

 ਕੌਣ ਜਿੰਦ ਵਾਲੇ ਘੱਗਰੇ ਦੀ ਲੌਣ ਲੈ ਗਿਆ !

 ਕਿੱਧਰ ਗਈ ਖੌਰੇ ਕੌਣ ਲੈ ਗਿਆ !

 ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!

 ਸੁਪਨੇ ਯਤੀਮ ਹੋਏ ਗਲ ਨਾਲ ਲਾ ਲਏ ,

 ਝੂਠੇ ਲਾਰੇ ਲਾ ਕੇ ਰੋਂਦੇ ਬਾਲ ਵੀ ਵਰਾ ਲਏ ,

 ਮਾਂ ਜਿੰਨਾ ਦੀ ਨੂੰ ਕੋਈ ਯਾਰੋ ਗਾਉਣ ਲੈ ਗਿਆ !

 ਕਿੱਧਰ ਗਈ ਖੌਰੇ ਕੌਣ ਲੈ ਗਿਆ !

 ਕੌਣ ਮੇਰੀ ਧਰਤੀ ਤੋਂ ਪੌਣ ਲੈ ਗਿਆ !!

  ਅਮਰਦੀਪ ਸਿੰਘ ਗਿੱਲ

ਮਨੀ ਮਹਿਰਾਜ

ਜੀਹਦੇ ਉੱਤੇ ਮਰ ਬੈਠੇ 

ਉਹਦਾ ਹੱਸਣੇ ਦਾ , ਸਾਥੋਂ ਨੱਸਣੇ ਦਾ

ਵੱਖਰਾ ਅੰਦਾਜ਼ ਸੀ .....



ਜੀਹਦੇ ਉੱਤੇ ਮਰ ਬੈਠੇ

ਕਾਤਲ ਮਿਜਾਜ਼ ਸੀ .....



ਸ਼ੁਭਾ ਸ਼ਾਮ ਰੱਬ ਅੱਗੇ ਰੱਖੀ

ਉਹਦੀ ਹੀ ਨਿਆਜ਼ ਸੀ.....



ਮੰਨਦੇ ਸਾਂ ਸੱਚਾ ਪਰ

ਝੂਠਾ ਜਾ ਲਿਹਾਜ਼ ਸੀ .....



ਜੀਹਦੇ ਵਿੱਚ ਡੁੱਬ ਗਿਆ

'ਮਨੀ ਮਹਿਰਾਜ'ਸੀ



ਮਨੀ ਮਹਿਰਾਜ , 9464478988

ਅਮਰਜੀਤ ਢਿੱਲੋਂ


ਇੱਕ ਬੰਦੇ 'ਚ ਹੁੰਦੇ ਨੇ . .

ਜਿਸ ਨੂੰ ਵੀ ਦੇਖਨਾ, ਉਹਨੂੰ ਕਈ ਵਾਰ ਦੇਖਨਾ, ਇੱਕ ਆਦਮੀ 'ਚ ਹੁੰਦੇ ਨੇ ਦਸ ਵੀਹ ਆਦਮੀ'।

ਜਿਸ ਨੂੰ ਵੀ ਦੇਖਨਾ, ਉਹਨੂੰ ਕਈ ਵਾਰ ਦੇਖਨਾ, ਇੱਕ ਆਦਮੀ 'ਚ ਹੁੰਦੇ ਨੇ ਦਸ ਵੀਹ ਆਦਮੀ'। ਇਹ ਤਾਂ ਇੱਕ ਸ਼ਾਇਰ ਦਾ ਖਿਆਲ ਹੈ ਪਰ ਹਰ ਇੱਕ ਬੰਦੇ 'ਚ ਸਿਰਫ ਦਸ ਵੀਹ ਬੰਦੇ ਹੀ ਨਹੀਂ ਹੁੰਦੇ ਸਗੋਂ ਸੈਂਕੜੇ ਹੋਰ ਜਾਨਵਰ ਵੀ ਹੁੰਦੇ ਹਨ। ਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੇ ਮਨੋਵਿਗਿਆਨੀ ਡਾ. ਫਰਾਇਡ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਆਦਮੀ ਹਮੇਸ਼ਾਂ ਹਮਲਾਵਰ ਰੁੱਖ ਹੀ ਕਿਉਂ ਅਖਤਿਆਰ ਕਰਦਾ ਹੈ। ਇਸ ਦੇ ਜਵਾਬ 'ਚ ਡਾ. ਫਰਾਇਡ ਨੇ ਕਿਹਾ ਕਿ ਜਿਸ ਜਾਨਵਰ ਤੋਂ ਇਹ (ਆਦਮੀ) ਇਹ ਵਿਕਸਤ ਹੋ ਕੇ ਬਣਿਆ ਹੈ ਉਹ ਬਹੁਤ ਹੀ ਖੂੰਖਾਰ ਸੀ। ਉਸ ਜਾਨਵਰ ਵਾਲੀਆਂ ਰੁਚੀਆਂ ਆਦਮੀ 'ਚ ਅਜੇ ਤੱਕ ਕਾਇਮ ਹਨ। ਇਸ ਲਈ ਇਹ ਹਰ ਵਕਤ ਇਹ ਹੀ ਸੋਚਦਾ ਹੈ ਕਿ ਮੈਂ ਕਿਸੇ ਨੂੰ ਅੱਗੇ ਨਾ ਵੱਧਣ ਦਿਆਂ। ਕਤਲੋ ਗਾਰਦ ਅਗਜ਼ਨੀ ਸੱਭ ਉਸੇ ਸੁਭਾਅ ਦਾ ਹੀ ਹਿੱਸਾ ਹਨ। ਜਾਤਪਾਤ, ਧਰਮ, ਨਸਲ ਆਦਿ ਦੇ ਝਗੜਿਆਂ ਨੇ ਇਸ ਦੀ ਇਸ ਰੁਚੀ ਨੂੰ ਹੋਰ ਵਿਸਥਾਰ ਦੇ ਦਿੱਤਾ ਹੈ। 'ਗੁਰਬਾਣੀ ਅਨੁਸਾਰ ਕਈ ਜਨਮ ਭਏ ਕੀਟ ਪਤੰਗਾ'ਡਾਰਵਿਨ ਨੇ ਆਪਣੀ ਖੋਜ ਰਾਹੀਂ ਇਹ ਸਾਬਤ ਕੀਤਾ ਕਿ ਮਨੁੱਖ ਕੀਟ ਪਤੰਗਿਆਂ ਤੋਂ ਯਾਤਰਾ ਕਰਦਾ ਕਰਦਾ ਹੀ ਮਨੁੱਖ ਤੱਕ ਪਹੁੰਚਿਆ ਹੈ।ਪਰ ਕੀ ਉਹ ਸਚਮੁੱਚ ਮਨੁੱਖ ਬਣ ਗਿਆ ਹੈ? ਇਸ ਦਾ ਜਵਾਬ ਹੈ ਹਰਗਿਜ਼ ਨਹੀਂ। ਜੇ ਉਹ ਮਨੁੱਖ ਬਣ ਗਿਆ ਹੁੰਦਾ ਤਾਂ ਸਾਡੇ ਉਪਦੇਸ਼ਕਾਂ ਨੂੰ ਐਡੇ ਵੱਡੇ-ਵੱਡੇ ਗਰੰਥ ਨਾ ਲਿਖਣੇ ਪੈਂਦੇ। ਉਪਦੇਸ਼ਕ ਕਹਿੰਦੇ ਹਨ 'ਰਹਿ ਬਣਕੇ ਬੰਦਿਆ ਬੰਦਾ ਤੂੰ'। ਇਹ ਦਾ ਭਾਵ ਉਹ ਬੰਦਾ ਬਣ ਕੇ ਨਹੀਂ ਕੁਝ ਹੋਰ ਬਣ ਕੇ ਵਿਚਰ ਰਿਹਾ ਹੈ। ਕਿਸੇ ਨੇ ਕਦੇ ਕਿਸੇ ਕੁੱਤੇ ਨੂੰ ਨਹੀਂ ਕਿਹਾ ਕਿ 'ਤੂੰ ਕੁੱਤਾ ਬਣ' ਬੱਸ ਬੰਦੇ ਨੂੰ ਹੀ ਕਿਹਾ ਜਾਂਦੈ ਕਿ ਬੰਦਾ ਬਣ, ਕੁੱਤਾ ਨਾ ਬਣ। ਬੱਸ ਇਸ ਤਰ੍ਹਾਂ  ਕਹਿ ਕੇ ਵਿਚਾਰੇ ਕੁੱਤੇ ਦੀ ਬੇਇਜ਼ਤੀ ਕੀਤੀ ਜਾਂਦੀ ਹੈ। ਕਿਉਂਕਿ ਕੁੱਤਾ ਸਭ ਤੋਂ ਵੱਧ ਵਫਾਦਾਰ ਜਾਨਵਰ ਹੈ ਅਤੇ ਬੰਦਾ ਕਦੇ ਵਫਾਦਾਰ ਹੋ ਹੀ ਨਹੀਂ ਸਕਦਾ। ਜੇ ਬੰਦਾ ਵਫਾਦਾਰ ਹੁੰਦਾ ਤਾਂ ਕਿਸੇ ਸ਼ਾਇਰ ਨੂੰ ਇਹ ਲਿਖਣ ਦੀ ਜ਼ਰੂਰਤ ਨਾ ਪੈਂਦੀ 'ਕੋਈ ਲਾਖੋਂ ਮੇਂ ਏਕ ਵਫਾਦਾਰ ਨਿਕਲ ਆਤਾ ਹੈ, ਹਰ ਕਿਸੀ ਮੇਂ ਵਫਾ ਹੋ ਯੇਹ ਜ਼ਰੂਰੀ ਤੋਂ ਨਹੀਂ' ਜਾਂ 'ਕੁਛ ਤੋਂ ਮਜ਼ਬੂਰੀਆਂ ਰਹੀ ਹੋਂਗੀ ਯੂੰ ਕੋਈ ਬੇਵਫਾ ਨਹੀਂ ਹੋਤਾ। ਇਹ ਮਜ਼ਬੂਰੀ ਸਿਰਫ ਆਦਮੀ ਦੀ ਹੈ। ਕੁੱਤੇ ਜਾਂ ਪਾਲਤੂ ਜਾਨਵਰ ਨੂੰ ਬੇ-ਵਫਾਈ ਕਰਨ ਲਈ ਕਿਸੇ ਮਜ਼ਬੂਰੀ ਦਾ ਬਹਾਨਾ ਨਹੀਂ ਕਰਨਾ ਪੈਂਦਾ।ਪਿਛੇ ਜਿਹੇ ਇੱਕ ਸਾਹਿਤਕ ਸਮਾਗਮ 'ਚ ਕਵਿਤਾ ਸੁਣੀ ਸੀ। ਕਵਿਤਾ ਦਾ ਭਾਵ ਅਰਥ ਕੁਝ ਇਸ ਤਰ੍ਹਾਂ ਸੀ ਕਿ ਵੈਸੇ ਤਾਂ ਮੈਂ (ਬੰਦਾ) ਸ਼ੇਰ ਵਾਂਗ ਦਹਾੜਦਾ ਹਾਂ। ਪਰ ਦਫਤਰ 'ਚ ਬੌਸ ਸਾਹਮਣੇ ਚੱਡਿਆਂ 'ਚ ਪੂਛ ਲੈ ਕੇ ਕੁੱਤਾ ਬਣ ਜਾਂਦਾ ਹਾਂ। ਫਿਰ ਖਰਗੋਸ਼ ਵਾਂਗ ਉਸ ਦੇ ਪੈਰਾਂ 'ਚ ਲਿਟ ਜਾਂਦਾ ਹਾਂ ਹਰ ਸਮੇਂ ਬਾਂਦਰ ਟਪੂਸੀਆਂ ਮਾਰਦਾ ਹਾਂ, ਲੂੰਬੜ ਚਾਲਾਂ ਚੱਲਦਾ ਹਾਂ, ਲੋਕਾਂ ਨੂੰ ਉਲੂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਸਵੇਰੇ ਧਾਰਮਿਕ ਸਥਾਨ ਤੇ ਜਾ ਕੇ ਬਗਲਾ ਭਗਤ ਬਣ ਜਾਂਦਾ ਹਾਂ। ਇਸੇ ਤਰ੍ਹਾਂ ਆਦਮੀ 'ਚ ਸਾਰੇ ਦੇ ਸਾਰੇ ਜਾਨਵਰ ਮੌਜ਼ੂਦ ਹਨ। ਪਤਾ ਨਹੀਂ ਕਿਹੜੇ ਵੇਲੇ ਕਿਹੜਾ ਜਾਗ ਪਵੇ। ਬਕੌਲ ਸ਼ਾਇਰ “ਹਰ ਬੰਦੇ ਦੇ ਅੰਦਰ ਇੱਕ ਦਰਿੰਦਾ ਵਸਦਾ ਹੈ, ਜਾਗ ਪਵੇ ਮਜ਼ਹਬ, ਗੋਤਾਂ, ਜ਼ਾਤਾਂ ਤੇ ਨਾਵਾਂ ਨਾਲ।” ਆਪਣੇ ਅੰਦਰਲੇ ਇਨ੍ਹਾਂ  ਦਰਿੰਦਿਆਂ ਨੂੰ ਦਬਾ ਕੇ ਰੱਖਣਾ ਹੀ ਇਨਸਾਨੀਅਤ ਹੈ। ਸਿਰਫ ਮਾਸੂਮ ਬੱਚਿਆਂ 'ਚ ਹੀ ਦਰਿੰਦਗੀ ਨਹੀਂ ਹੁੰਦੀ। ਇਸ ਲਈ ਆਪਣੇ ਮਨ 'ਚ ਮਾਸੂਮ ਬੱਚਾ ਹਮੇਸ਼ਾ ਕਾਇਮ ਰੱਖਆ ਜਾਵੇ। ਨਹੀਂ ਤਾਂ ਸ਼ਾਇਰ ਹਮੇਸ਼ਾ ਇਹ ਕਹਿੰਦਾ ਰਹੇਗਾ “ਮੇਰੇ ਦਿਲ ਦੇ ਕਿਸੇ ਕੋਨੇ 'ਚ ਇੱਕ ਮਾਸੂਮ ਜਿਹਾ ਬੱਚਾ, ਵੱਡਿਆਂ ਦੀ ਦੇਖ ਕੇ ਦੁਨੀਆਂ, ਵੱਡਾ ਹੋਣ ਤੋਂ ਡਰਦਾ ਹੈ।”

ਅਮਰਜੀਤ ਢਿੱਲੋਂ 94171 20427

ਭੁਪਿੰਦਰ ਪੰਨੀਵਾਲੀਆ

ਇੱਕ  ਚਿਹਰਾ

ਇੱਕ  ਚਿਹਰਾ ਮੇਰੇ ਦਿਲ ਵਿੱਚ  ਵਸਦਾ
ਉਹੀ ਨਿੱਤ ਮੇਰੇ ਖਾਬਾਂ ਦੇ ਵਿੱਚ  ਆਵੇ।
ਉਹ ਚਿਹਰਾ ਛੇੜੇ ਦਿਲ ਦੀਆਂ ਤਾਰਾਂ
ਉਹੀ ਚਿਹਰਾ ਨਿੱਤ ਮੇਰੀ ਨੀਂਦ ਚੁਰਾਵੇ।
ਇੱਕ  ਚਿਹਰਾ ਮੇਰੇ ਦਿਲ.............

... ਉਹ ਚਿਹਰਾ ਲੱਗਾ ਸੀ ਬੜਾ ਪਿਆਰਾ
ਜਦ ਸੀ ਮੇਨੂੰ ਮਿਲਿਆ ਪਹਿਲੀ ਵਾਰੀ
ਉਸ ਚਿਹਰੇ ਤੋਂ ਸਦਾ ਜਾਵਾਂ ਸਦਕੇ
ਉਸ ਦੇ ਨਾਂ ਮੈਂ ਲਾਈ ਹਯਾਤੀ ਸਾਰੀ
ਰੱਬ ਸਬੱਬੀਂ ਹੀ ਮਿਲਦੇ ਐਸੇ ਚਿਹਰੇ
ਜਾਂ ਫਿਰ ਉਹ ਸੱਚਾ ਆਪ ਮਿਲਾਵੇ।
ਇੱਕ  ਚਿਹਰਾ ਮੇਰੇ ਦਿਲ...........

 ਭੁਪਿੰਦਰ ਪੰਨੀਵਾਲੀਆ

ਨਿੰਦਰ ਘੁਗਿਆਣਵੀ

ਬਾਪੂ, ਤੇਰੀਆਂ ਨਹੀ ਰੀਸਾਂ !

(2)

ਬਾਪੂ ਪਾਰਸ ਦਾ ਜੀਵਨ ਅਣਗਿਣਤ ਘਟਨਾਵਾਂ ਨਾਲ ਭਰਿਆ ਰਿਹਾ। ਉਹਨਾਂ ਦੇ ਜੀਵਨ ਦੀ ਇੱਕ-ਇੱਕ ਯਾਦਗਾਰ ਬੜੀ ਦਿਲਚਸਪ ਅਤੇ ਯਾਦਗਾਰੀ ਹੈ। ਸੱਚੀ ਗੱਲ ਹੈ ਕਿ ਬਾਪੂ ਦਾ ਜੀਵਨ ਇੱਕ ਖੁੱਲ੍ਹੀ ਕਿਤਾਬ ਦੀ ਤਰਾਂ ਸੀ। ਨਾ ਕੋਈ ਵਲ਼ ਨਾ ਵਲਿੰਗ। ਉਹ ਇੱਕ ਚੱਲਦਾ ਫਿਰਦਾ ਵਿਸ਼ਵ ਵਿਦਿਆਲਾ ਸੀ। ਵਿਦਵਤਾ ਦਾ ਅਮੁੱਕ ਭੰਡਾਰ। ਵਿਸ਼ਵ ਭਰ ਦੀ ਸਿਆਸਤ ਬਾਰੇ ਜਿਹੜੀ ਗੱਲ ਛੋਂਹਦਾ ਤਾਂ ਉਹਦੇ ਧੁਰ ਤੀਕ ਲਹਿ ਜਾਂਦਾ। ਕੋਲ ਬੈਠਾ ਪੜ੍ਹਿਆ-ਲਿਖਿਆ ਦੰਗ ਰਹਿ ਜਾਂਦਾ ਕਿ ਕਿਸ ਮਿੱਟੀ ਦਾ ਬਣਿਆ ਐਂ ਬਾਪੂ? ਉਹ ਅਖ਼ਬਾਰਾਂ ਦੀ ਇੱਕ-ਇੱਕ ਸਤਰ ਤੀਕ ਪੜ੍ਹਦਾ। ਰੇਡੀਓ ਦੀ ਆਵਾਜ਼ ਵਾਲੀ ਟੂਟੀ ਉਹਦੇ ਕੰਨੋਂ ਨਾ ਲਹਿੰਦੀ ... ਕੀ ਮਜਾਲ ਕਿ ਕੋਈ ਬੁਲੇਟਿਨ ਖੁੰਝ ਜਾਏ? ਵਕਤ ਦਾ ਏਨਾ ਪੱਕਾ ਕਿ ਘੜੀ-ਮੁੜੀ ਘੜੀ ਦੇਖਦਾ ਤੇ ਲੇਟ ਆਉਣ ਵਾਲੇ ਦਾ ਬੂਹਾ ਤੱਕਦਾ। ਬਾਪੂ ਅੰਤਾਂ ਦਾ ਮਖੌਲੀ! ਮਹਿਫ਼ਿਲਾਂ ਦਾ ਬਾਦਸ਼ਾਹ। ਜਦ ਵੀ ਮੈਂ ਫੋਨ ਕਰਨਾ ਕਿ ਬਾਪੂ ਕੀ ਹਾਲ ਐ? ਅੱਗੋਂ ਟੁਣਕਦੀ ਆਵਾਜ਼ 'ਚ ਜਵਾਬ ਆਉਣਾ, ''ਐਨ ਮੌਜਾਂ ਐਂ ... ਲਹਿਰੇ ਲੈ ਰਿਹੈਂ ... ਮਿੰਟ ਕੁ ਨੂੰ ਕੋਈ ਪਤਾ ਨਹੀਂ।" ਦੁਨੀਆਂ ਵਿੱਚ ਕੋਈ ਵੀ ਅਣਹੋਣੀ ਵਾਪਰਦੀ ਤਾਂ ਬਾਪੂ ਡਾਹਢਾ ਗੰਭੀਰ ਹੋ ਜਾਂਦਾ। ਜਿਹੜੇ ਦਿਨੀਂ ਅਮਰੀਕਾ 'ਤੇ ਹਮਲਾ ਹੋਇਆ ... ਵਿਸ਼ਵ ਵਪਾਰ ਕੇਂਦਰ ਢਾਹ ਢੇਰੀ ਕਰ ਦਿੱਤੇ ਗਏ ਤਾਂ ਉਦੋਂ ਮੈਂ ਬਾਪੂ ਕੋਲ ਟੋਰਾਂਟੋ ਉਹਦੀ ਬੇਟੀ (ਬੀਬੀ) ਚਰਨਜੀਤ ਕੌਰ ਦੇ ਘਰ ਰੁਕਿਆ ਹੋਇਆ ਸਾਂ। ਰੇਡੀਓ ਸੁਣਦੇ ਬਾਪੂ ਦੇ ਅੱਥਰੂ ਵਗਣ ਲੱਗ ਪੈਂਦੇ। ਕੋਲ ਬੈਠਾ ਮੈਂ ਵੀ ਉਦਾਸ ਹੋ ਜਾਂਦਾ। ਬੀਬੀ-ਭੂਆ ਆਖਦੀ, ''ਬਾਪੂ ਨੇ ਤਾਂ ਸਾਰੇ ਲੋਕਾਂ ਦਾ ਦਰਦ ਆਪਣੇ ਦਿਲ 'ਚ ਸਮੋ ਰੱਖਿਆ ਐ ਪੁੱਤ ... ਏਹ ਕਿਸੇ 'ਤੇ ਜੁਲਮ ਹੁੰਦਾ ਜਰ ਨ੍ਹੀ ਸਕਦਾ ...।"
ਮੈਂ ਸਾਲ 1999 ਤੋਂ ਲੈ ਕੇ ਉਹਨਾਂ ਦੇ ਆਖ਼ਰੀ ਵੇਲੇ ਤੀਕ ਬਾਪੂ ਦੀ ਜੀਵਨ ਸ਼ੈਲੀ, ਸ਼ਖ਼ਸੀਅਤ, ਕਵੀਸ਼ਰੀ ਕਲਾ, ਆਦਿ ਨੂੰ ਇੱਕ ਖੋਜੀ ਦੀ ਤਰਾਂ ਵਾਚਦਾ-ਵੇਖਦਾ ਰਿਹਾ। ਬਾਪੂ ਨਾਲ ਸਬੰਧਤ ਕਾਫੀ ਕੁੱਝ ਇਕੱਠਾ ਕੀਤਾ, ਉਹਦੇ ਦੁਰਲੱਭ ਕਿੱਸੇ-ਚਿੱਠੇ, ਹੱਥ ਲਿਖਤਾਂ, ਰਿਕਾਰਡ, ਮੁਲਾਕਾਤਾਂ, ਤਸਵੀਰਾਂ ਆਦਿ ਸੰਭਾਲ-ਸੰਭਾਲ ਰੱਖਦਾ ਰਿਹਾ। ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਬਾਪੂ ਬਾਰੇ ਮੇਰੀ ਪਹਿਲੀ ਪੁਸਤਕ 'ਕਰਨੈਲ ਸਿੰਘ ਪਾਰਸ-ਜੀਵਨ ਤੇ ਰਚਨਾ' ਦੇ ਚਾਰ ਐਡੀਸ਼ਨ ਛਪ ਚੁੱਕੇ ਹਨ। ਬਾਪੂ ਦੀ ਕਵੀਸ਼ਰੀ ਤੇ ਸ਼ਖ਼ਸੀਅਤ ਬਾਰੇ ਪੰਜਾਬ ਦੇ ਉੱਘੇ 70 ਲੇਖਕਾਂ ਤੋਂ ਲੇਖ ਲਿਖਵਾ ਕੇ ਇੱਕ ਵੱਡ ਅਕਾਰੀ ਕਿਤਾਬ 'ਵੱਡਮੁਲਾ ਪਾਰਸ' ਸੰਪਾਦਤ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਸਤੇ ਬਾਪੂ ਬਾਰੇ ਖੋਜ-ਨਿਬੰਧ ਲਿਖੇ। ਅਕਾਸ਼ਵਾਣੀ ਜਲੰਧਰ, ਬਠਿੰਡਾ (ਐਫ.ਐੱਮ.) ਤੇ ਦੂਰਦਰਸ਼ਨ ਲਈ ਬਾਪੂ ਬਾਰੇ ਦਸਤਾਵੇਜ਼ੀ ਫੀਚਰ ਲਿਖੇ ਤੇ ਤਿਆਰ ਕਰਵਾਏ। ਭਾਸ਼ਾ ਵਿਭਾਗ ਪੰਜਾਬ ਸਰਕਾਰ ਨੇ 'ਪੰਜਾਬ ਕੋਸ਼' ਵਿੱਚ ਬਾਪੂ ਬਾਰੇ ਵਿਸੇਸ਼ ਇੰਦਰਾਜ ਲਿਖਵਾਇਆ। ਮੈਨੂੰ ਸੰਤੁਸ਼ਟੀ ਭਰਿਆ ਅਹਿਸਾਸ ਹੈ ਕਿ ਮੈਂ ਇਹ ਸਭ ਕਾਰਜ ਬੜੀ ਸਹਿਜਤਾ ਨਾਲ ਕਰਦਾ ਰਿਹਾ ਹਾਂ। ਕਦੇ-ਕਦੇ ਬਾਪੂ ਦੀ ਬਹੁਤ ਯਾਦ ਆਉਣ ਲੱਗ ਪੈਂਦੀ ਹੈ। ਕਿੰਨੇ ਵਾਰੀ ਹੀ ਉਹ ਮੇਰੇ ਘਰ ਆਇਆ ਸੀ। ਮੈਂ ਉਹਦੇ ਨਾਲ ਅਨੇਕਾਂ ਥਾਵਾਂ 'ਤੇ ਘੁੰਮਿਆ ਫਿਰਿਆ ਸੀ। ਬਹੁਤ ਯਾਦਾਂ ਹਨ ਬਾਪੂ ਦੀਆਂ, ਕਦੇ ਨਾ ਭੂੱਲਣ ਵਾਲੀਆਂ। 22 ਫਰਵਰੀ 2009 (ਅੰਤਲੇ ਦਿਨਾਂ ਦੇ ਨੇੜ) ਦੀ ਗੱਲ ਹੈ। ਰਾਮੂਵਾਲੇ ਗਿਆ ਸਾਂ ਬਾਪੂ ਨੂੰ ਮਿਲਣ। ਟੋਰਾਂਟੌ ਤੋਂ ਬਾਪੂ ਦੀ ਧੀ ਬੀਬੀ ਚਰਨਜੀਤ ਕੌਰ ਤੇ ਉਹਦਾ ਪਤੀ ਅਮਰਜੀਤ ਸਿੰਘ ਆਏ ਹੋਏ ਸਨ ਤੇ ਉਹਦੀ ਸੇਵਾ-ਸੰਭਾਲ ਕਰ ਰਹੇ ਸਨ। ਇਹਨਾਂ ਦੋਵਾਂ ਜੀਆਂ ਨੇ ਬਾਪੂ ਦੀ ਪੁੱਜ ਕੇ ਤੇ ਰੱਜ ਕੇ ਸੇਵਾ ਕੀਤੀ।
ਬਾਪੂ ਕਿਸੇ ਨੂੰ ਪਛਾਣਦਾ ਨਹੀਂ ਸੀ। ਮਹੀਨਾ ਕੁ ਪਹਿਲਾਂ ਆਇਆ ਸਾਂ ਤਾਂ ਬਾਪੂ ਨੇ ਮੇਰਾ ਨਾਂ ਲਿਆ ਸੀ ਤੇ ਕਿਹਾ ਸੀ, ''ਅੱਗੇ ਨਾਲੋਂ ਰਾਜ਼ੀ ਲੱਗਦੈਂ ... ਮੋਟਾ ਹੋ ਗਿਆ ਐਂ ... ਆਬਦੇ ਡਰੈਵਰ ਨੂੰ ਸੱਦ ਸੌ ਰੁਪੱਈਆ ਦੇਵਾਂ।" ਜਦ ਹੁਣ ਗਿਆ ਸਾਂ ਤਾਂ ਬੀਬੀ ਦੇ ਦੱਸਣ 'ਤੇ ਵੀ ਨਹੀਂ ਪਛਾਣ ਸਕੇ। ਫਿਰ ਕਾਗਜ਼ 'ਤੇ ਮੋਟੇ ਅੱਖਰਾਂ ਵਿੱਚ ਨਾਂ ਲਿਖ ਕੇ ਅੱਗੇ ਕੀਤਾ ਤਾਂ ਬੋਲੇ, ''ਓ ਘੁਿਗਆਣਵੀ ਐਂ?" ਬੀਬੀ ਦੱਸਣ ਲੱਗੀ, ''ਕੱਲ੍ਹ ਈ ਮੋਗਿਓਂ ਲੈ ਕੇ ਆਏ ਆਂ ਹਸਪਤਾਲ ਰਹੇ ਐ ਦੋ ਦਿਨ ... ਹਸਪਤਾਲ 'ਚ ਮੁੰਡਿਆਂ ਨੂੰ ਕਹਿੰਦੇ ਵਈ ਆਥਣ ਹੋਗੀ ... ਸੱਤ ਵੱਜਗੇ ਐ ਕਿ ਹਾਲੇ ਨ੍ਹੀਂ ... ਲਿਆਓ ਯਾਰ ਮੈਂਨੂੰ ਪੈੱਗ-ਪੁੱਗ ਦਿਓ ... ਮੁੰਡੇ ਕਹਿੰਦੇ ਅਖੇ ਬਾਪੂ ਜੀ ਤੁਸੀਂ ਬੀਮਾਰ ਓਂ ... ਅੱਜ ਨ੍ਹੀ ਥੋਨੂੰ ਪੈੱਗ ਦੇਣਾ ... ਏਹ ਤਾਂ ਖਹਿੜੇ ਪੈਗੇ..ਅਖੇ ਦਿਓ ... ਡਾਕਟਰ ਕਹਿੰਦੇ ਦੇ ਦਿਓ ... ਦੇ ਦਿਓ ... ਕੋਈ ਖਾਸ ਬੀਮਾਰੀ ਤਾਂ ਹੈਨੀ ਬਾਪੂ ਨੂੰ ... ਤੇ ਮੁੰਡੇ ਲਿਆਏ ਪਊਆ ... ਦੋ ਇਹਨਾਂ ਨੇ ਪੀਤੇ ਤੇ ਵਧੀਆ ਹੋਗੇ ... ਗੱਲਾਂ ਮਾਰਨ ਲੱਗੇ ਹਮੇਸ਼ਾ ਵਾਗੂੰ।"ਵਿੰਨੀਪੈੱਗ ਤੋਂ ਆਇਆ ਬਾਪੂ ਦਾ ਪ੍ਰੇਮੀ ਰਾਜ ਮਾਨ ਦੱਸਣ ਲੱਗਿਆ ਕਿ ਏਹ ਉਦੋਂ ਦੀ ਗੱਲ ਐ ਜਦੋਂ ਇੱਕ ਵਾਰੀ ਗੁਰਦਾਸ ਮਾਨ ਦਾ ਸ਼ੋਅ ਉਹਨਾਂ ਦੇ ਸ਼ਹਿਰ ਹੋਇਆ ਤਾਂ ਗੁਰਦਾਸ ਕਹਿੰਦਾ ਕਿ ਬਾਪੂ ਪਾਰਸ ਦੇ ਦਰਸ਼ਨ ਕਰਨੇ ਆਂ, ਰਾਜ ਨੇ ਟਿਕਟ ਭੇਜ ਕੇ ਬਾਪੂ ਨੂੰ ਟੋਰਾਂਟੋ ਤੋਂ ਵਿੰਨੀਪੈੱਗ ਬੁਲਾ ਲਿਆ। ਜਦ ਏਅਰਪੋਰਟ ਤੋਂ ਰਾਜ ਮਾਨ ਹੁਰੀਂ ਬਾਪੂ ਨੂੰ ਲੈ ਕੇ ਜਾ ਰਹੇ ਸਨ ਤਾਂ ਰਾਹ ਵਿੱਚ ਗੁਰਦਾਸ ਨੇ ਪੁੱਛਿਆ ਕਿ ਬਾਪੂ ਜੀ ਕਿੰਨੇ ਕੁ ਸਾਲ ਹੋਰ ਜਿਊਣਾ ਅਜੇ?" ਤਾਂ ਬਾਪੂ ਨੇ ਸੁਭਾਵਕ ਹੀ ਕਿਹਾ ਸੀ ਕਿ 28 ਫਰਵਰੀ 2008 ਤੋਂ ਮਗਰੋਂ ਹੀ ਮਰੂੰਗਾ ...। ਬਾਪੂ ਨੇ ਬਿਲਕੁਲ ਸੱਚ ਆਖਿਆ ਸੀ ਤੇ ਉਵੇਂ ਹੋਇਆ। ਬਾਪੂ ਮੌਤ ਦੇ ਆਉਣ ਭੋਰਾ ਫ਼ਿਕਰ ਨਹੀਂ ਸੀ ਕਰਦਾ। ਕਹਿੰਦਾ ਸੀ, ''ਮੌਤ ਦੀ ਮੈਨੂੰ ਡੱਕਾ ਪਰਵਾਹ ਨ੍ਹੀ ... ਭਾਵੇਂ ਹੁਣੇ ਆਜੇ ... ਪਰ ਜਦ ਮੌਤ ਆਵੇ ਤਾਂ ਉਦੋਂ ਮੈਂ ਜਾਂ ਤਾਂ ਕੁੱਝ ਲਿਖ ਰਿਹਾ ਹੋਵਾਂ ਤੇ ਜਾਂ ਪੜ੍ਹ ਰਿਹਾ ਹੋਵਾਂ ... ਮੈਂ ਆਖੂੰਗਾ ਖੋਜਾ ਮੌਤੇ ਖੋਜਾ ... ਕਾਹਲੀ ਨਾ ਕਰ ... ਆਹ ਫ਼ਿਕਰਾ ਪੂਰਾ ਕਰ ਲੇਣ ਦੇ ਮੈਨੂੰ ... ਮਿੰਟ ਕੁ ਠਹਿਰਜਾ ਫੇਰ ਭਾਵੇਂ ਲੈਜੀਂ ਮੈਨੂੰ ...।"
ਨਿੰਦਰ ਘੁਗਿਆਣਵੀ

ਸੁਰਜੀਤ ਗੱਗ

ਨਿਰਮਲ ਬਾਬਾ ਨਾ ਘਬਰਾ
ਨਿਰਮਲ ਬਾਬਾ ਨਾ ਘਬਰਾ
ਰੁਕੀ ਹੋਈ ਤੇਰੀ ਕਿਰਪਾ
ਦਿਆਂਗੇ ਬੇੜੀ ਬੰਨੇ ਲਾ
'ਗੱਗ ਬਾਬੇ' ਦੇ ਡੇਰੇ ਆ
ਨਿਰਮਲ ਬਾਬਾ ਨਾ ਘਬਰਾ....।

ਨਾ ਕੋਈ ਸਾਡਾ ਬੈਂਕ 'ਚ ਖਾਤਾ
ਨਾ ਇਹ ਸਾਨੂੰ ਜੱਗ ਪਛਾਤਾ
ਫਿਰ ਵੀ ਜਾਣੀ ਜਾਣ ਨੇ ਬਾਬੇ
ਇੱਕ ਵਾਰੀ ਆ ਸੀਸ ਨਿਵਾ
ਨਿਰਮਲ ਬਾਬਾ ਨਾ ਘਬਰਾ...।

ਸ਼ਨੀ ਦਾ ਹੈ ਪ੍ਰਕੋਪ ਤੇਰੇ ਤੇ
ਮੰਗਲ ਦਾ ਆਰੋਪ ਤੇਰੇ ਤੇ
ਤੂੰ ਰਾਹੂ ਦੇ ਪਿੱਛੇ ਲੱਗਿਆ
ਕੇਤੂ ਕਹਿੰਦਾ ਏਧਰ ਆ
ਨਿਰਮਲ ਬਾਬਾ ਨਾ ਘਬਰਾ.........।

ਚੁੱਪ ਚੁਪੀਤੇ ਢੋਲ ਵਜਾਈਏ
ਬਹੁਤਾ ਨਾਹੀਂ ਖਿਲਾਰਾ ਪਾਈਏ
ਰਾਮਦੇਵ ਨਾਲ ਸੂਤ ਬਿਠਾ
ਰਾਮਲੀਲਾ ਵਿੱਚ ਧਰਨਾ ਲਾ
ਨਿਰਮਲ ਬਾਬਾ ਨਾ ਘਬਰਾ.......।

ਵੱਡੇ ਵੱਡੇ ਨੇ ਚਰਨੀਂ ਪੈਂਦੇ
ਪੁੱਤਰਾਂ ਦੇ ਵਰ ਮੈਥੋਂ ਲੈਂਦੇ
ਬਾਦਲ, ਕੈਪਟਨ ਮੇਰੇ ਕੋਲੋਂ
ਅਕਸਰ ਆਉਂਦੇ ਲੈਣ ਸਲਾਹ
ਨਿਰਮਲ ਬਾਬਾ ਨਾ ਘਬਰਾ......।

ਪੁੱਤਰ ਹੁੰਦਾ ਗੁਲਗੁਲੇ ਵਰਗਾ
ਹੋਣਾ ਸੀ ਜੋ ਟਿੱਕਾ ਘਰਦਾ
ਸਿੱਧੀ ਵਿਨਾਇਕ ਮੰਦਿਰ ਵਿੱਚੋਂ
ਕੀ ਖੱਟ ਲਿਆਈ ਐਸ਼ਵਰਿਆ
ਨਿਰਮਲ ਬਾਬਾ ਨਾ ਘਬਰਾ....।

ਰੁਕੀ ਹੋਈ ਕਿਰਪਾ ਚਾਲੂ ਹੋ ਜਾਊ
ਵੱਸ ਵਿੱਚ ਮੋਦੀ ਲਾਲੂ ਹੋ ਜਾਊ
ਔਖੀ ਭਾਰੀ ਵੇਲੇ ਬੰਦਾ
ਗਧੇ ਨੂੰ ਲੈਂਦਾ ਬਾਪ ਬਣਾ
ਨਿਰਮਲ ਬਾਬਾ ਨਾ ਘਬਰਾ.......।

ਵੇਖਲੈ ਸੌਦਾ ਘਾਟੇ ਦਾ ਨਹੀਂ
ਮਸਲਾ ਰੋਟੀ ਆਟੇ ਦਾ ਨਹੀਂ
ਇਹ ਮਸਲਾ ਹੈ ਇੱਜ਼ਤ ਦਾ
ਅਪਣੀ ਸਾਂਭ ਤੇ ਸਾਡੀ ਬਣਾ
ਨਿਰਮਲ ਬਾਬਾ ਨਾ ਘਬਰਾ........।

ਗੱਗ ਆਕੇ ਜੋ ਚੂਲ਼ੀ ਭਰ ਗਏ
ਡੁੱਬਦੇ ਵਾਂਗ ਮਖਾਣੇ ਤਰ ਗਏ
ਪੁੱਟਾਪਰਥੀ ਦਾ ਸਾਈਂ ਬਾਬਾ
ਮੇਰਾ ਹੀ ਤਾਂ ਸੀ ਚੇਲਾ
ਨਿਰਮਲ ਬਾਬਾ ਨਾ ਘਬਰਾ..........।

ਰਾਮ ਰਹੀਮ, ਭਨਿਆਰਾਂ ਵਾਲਾ
ਰਾਮਦੇਵ ਸਲਵਾਰਾਂ ਵਾਲਾ
ਆਸ਼ੂਤੋਸ਼ ਕੀ ਕੁੰਭ ਦਾਸ ਵੀ
ਸਭ ਦੇ ਪਿੱਛੇ 'ਗੱਗ' ਖੜ੍ਹਾ
ਨਿਰਮਲ ਬਾਬਾ ਨਾ ਘਬਰਾ........।

ਵਿਦੇਸ਼ੀ ਵਿਦੇਸ਼ੀ ਦਾ ਰੌਲ਼ਾ ਪਾਇਆ
ਸਭ ਨੇ ਇੰਡੀਆ ਚੱਕ ਚਲਾਇਆ
ਮਨਮੋਹਨ ਸਿੰਘ ਦਾ ਨਾਮ ਸੁਝਾਇਆ
ਮੈਂ ਹੀ ਸੀ ਉਹ ਖਾਹਮਖਾਹ
ਨਿਰਮਲ ਬਾਬਾ ਨਾ ਘਬਰਾ........।

ਨਿਰਮਲ ਸਿੰਘ ਨਰੂਲਾ ਸੁਣਲੈ
ਭਾਵੇਂ ਸਮਝ ਮਸ਼ਗੂਲਾ ਸੁਣਲੈ
ਭੌਂਕ-ਭਾਂਕ ਕੇ ਬੈਠ ਜਾਣਗੇ
ਤਰਕਸ਼ੀਲਾਂ ਤੋਂ ਨਾ ਘਬਰਾ
ਨਿਰਮਲ ਬਾਬਾ ਨਾ ਘਬਰਾ.....।

ਸੋਨੀਆ ਦੇ ਨਾਲ ਹੱਥ ਮਿਲਾ
ਗਡਕਰੀ ਨੂੰ ਜੱਫੀ ਪਾ
ਨਿੱਕਰਾਂ ਵਾਲਿਆਂ ਦੀ ਨਿੱਕਰ ਵਿੱਚ
ਰੁਕੀ ਹੋਈ ਤੇਰੀ ਕਿਰਪਾ
ਨਿਰਮਲ ਬਾਬਾ ਨਾ ਘਬਰਾ...............।

ਨਹੀਂ ਮਨਜ਼ੂਰ ਜੇ ਮੇਰੀ ਸਲਾਹ
ਜਿੱਥੇ ਮਰਜ਼ੀ ਧੱਕੇ ਖਾਹ
ਸਾਡਾ ਕੀ ਐ ਫੇਸਬੁੱਕ ਤੇ
ਲੈਣੀ ਬੱਲੇ ਬੱਲੇ ਕਰਵਾ
ਨਿਰਮਲ ਬਾਬਾ ਨਾ ਘਬਰਾ
ਨਿਰਮਲ ਬਾਬਾ ਨਾ ਘਬਰਾ..........॥

ਸੁਰਜੀਤ ਗੱਗ

ਰਿੰਕੂ ਸੈਣੀ

 ਸਾਨੂੰ ਲੁੱਟਣ ਵਾਲੇ .....

 ਸਾਨੂੰ ਰੱਬ ਦਾ ਦਰਜਾ ਦੇਣ ਵਾਲੇ,

 ਸਾਥੋਂ ਹੀ ਹੋ ਗਏ ਦੂਰ ਨੇ ,

 ਮੈਂ ਕੀ ਸਮਝਾ ਮੈਂ ਕੀ ਜਾਣਾ,

 ਉਹ ਕਿਹੜੀ ਗੱਲੋਂ ਮਜਬੂਰ ਨੇ.,

 ਧੜਕਨ ਅੱਜ ਵੀ ਉਹਦੇ ਲਈ ਧੜਕ ਰਹੀ,

 ਜੋ ਕਹਿੰਦੀ ਸਾਨੂੰ ਤੇਰੀ ਲੋੜ ਨਹੀਂ,

 ਸਾਨੂੰ ਲੁਟਿਆ ਸਾਡੇ ਆਪਣਿਆ,

 ਸਾਨੂੰ ਲੁੱਟਣ ਵਾਲੇ ਹੋਰ ਨਹੀਂ.............



 ਗੱਲ ਗੱਲ ਤੇ ਕਰਦੀ ਨੱਖਰਾ ਸੀ,

 ਅਦਾ ਹੁਸਣ ਜਵਾਨੀ ਵੱਖਰਾ ਸੀ,

 ਨੈਣਾ ਦੀ ਦਾਰੂ ਪੀਦਾਂ ਸੀ ,

 ਮੈਂ ਤਾਂ ਵੇਖ ਵੇਖ ਕੇ ਜਿੰਦਾ ਸੀ,

 ਉਹਦੇ ਬਿਨਾ ਹੁਣ ਕੀ ਜੀਨਾ,

 ਮੈਨੂੰ ਜੀਨ ਦੀ ਵੀ ਲੋੜ ਨਹੀਂ,

 ਕਿਉਂਕਿ ਸਾਨੂੰ ਲੁਟਿਆ ਸਾਡੇ ਆਪਣਿਆ,

 ਸਾਨੂੰ ਲੁੱਟਣ ਵਾਲੇ ਹੋਰ ਨਹੀਂ.....

 ਰਿੰਕੂ ਸੈਣੀ, ਫਰੀਦਕੋਟ

ਲਖਵਿੰਦਰ ਸਿੰਘ ਸਾਗੂ

ਮੈਨੂੰ ਮਾਣ ਹੈ .. 
ਸ਼ਬਦਾਂ ਨੂੰ ਹਾਰਾਂ ਦੇ ਵਿੱਚ ਪਰੋਂਦਾ ਹੈ ਇਹ

ਬੱਚਿਆਂ ਦੇ ਜ਼ਜਬਾਤਾਂ ਨੂੰ ਪਰਵਾਜ਼ ਦਿੰਦਾ ਹੈ ਇਹ

ਯਾਰਾਂ ਦਾ ਯਾਰ , ਵੈਰੀਆਂ ਲਈ ਹੈ ਤਲਵਾਰ ਇਹ

ਲੱਖਾਂ ਸਾਜਾਂ ਦਾ ਫ਼ਨਕਾਰ , ਸੁਪਨਿਆਂ ਦਾ ਸਰਦਾਰ ਹੈ ਇਹ

ਹਰ ਕਲਾ ਨੂੰ ਕਰਦਾ ਪਸੰਦ , ਕਲਾਕਾਰ ਹੈ ਇਹ

ਸੋਹਣੀ ਬਣਦਾ ਪੱਗ ਹੈ ਤੇ ਦਿਲ ਨਾਲ ਸਾਡੇ ਜੋੜਦਾ ਤਾਰ ਹੈ ਇਹ

'ਸਾਗੂ' ਇਹ ਹੋਰ ਕੋਈ ਨਹੀਂ , ਮੇਰਾ ਅਕਸ ਯਾਰ ਹੈ ਇਹ  

ਲਖਵਿੰਦਰ ਸਿੰਘ ਸਾਗੂ , 8427155993

ਬਿਕਰਮਜੀਤ ਸਿੰਘ "ਜੀਤ"


ਸੱਚੀ ਪੱਥ ਦੇ ਰਾਹੀ

ਅਸੀਂ ਹਾਂ ਸੱਚੀ ਪੱਥ ਦੇ ਰਾਹੀ, ਇਕ ਰੱਬ ਤੋਂ ਕੇਵਲ ਡਰਦੇ ਹਾਂ

ਅੜਚਨ ਆਵੇ ਕੋਈ ਧਮਕਾਵੇ, ਸੱਚ ਉੱਪਰ ਡੱਟ ਕੇ ਖ੍ਹੜਦੇ ਹਾਂ

ਗੁਰਾਂ ਦੇ ਪੂਰਨਿਆਂ ਤੇ ਚਲਕੇ, ਕਰਮ ਸ਼ੁਭ ਹਾਂ ਹਰਦਮ ਕਰਦੇ

ਭੱਲਾ ਮੰਗੀਏ ਹਰ ਕਿਸੇ ਦਾ, ਵਿਚ ਸੁਪਨੇਂ ਵੀ ਬੁਰਾ ਨ੍ਹਾਂ ਕਰਦੇ

ਸੱਚ-ਧਰਮ ਦੀ ਰਖਿਆ ਦੇ ਲਈ, ਵੈਰੀ ਨੂੰ ਲਲਕਾਰ ਕੇ ਲੜੀਏ

ਨਿਸਚਾ ਗੁਰੂ ਤੇ ਰੱਖੀਏ ਪੱਕਾ, ਜੰਗ ਵਿਚ ਜਿੱਤ ਦਾ ਪੱਲਾ ਫੜੀਏ

ਵੰਸ਼ਜ ਅਸੀਂ ਸ਼ਹੀਦਾਂ ਦੇ ਹਾਂ, ਅੰਦਰ ਵਸਦੈ ਕਲਗੀਆਂ ਵਾਲਾ

ਹਾਂ ਸਿੱਖ ਪੰਥ ਦੇ ਸੰਤ ਸਿਪਾਹੀ, ਇਕ ਹੱਥ ਤੇਗ ਤੇ ਦੂਜੇ ਮਾਲਾ

ਕਈ ਮੱਸੇ ਰੰਘੜ ਵਰਗੇ ਜ਼ਾਲਮ, ਤੇ ਪਾਪੀ ਮਾਰ ਮੁਕਾ ਦਿੱਤੇ

ਚੰਦੂ ਵਰਗੇ ਵੀ ਗੁਰਾਂ ਦੇ ਦੋਖੀ, ਇਸ ਧਰਤੀ ਤੋਂ ਚੁਕਵਾ ਦਿੱਤੇ

ਓਹ ਕਾਤਲ ਛੋਟੇ ਲਾਲਾਂ ਦੇ, ਜਿਨ੍ਹਾਂ ਹੱਦ ਦਾ ਪਾਪ ਕਮਾਯਾ ਸੀ

ਬੰਦਾ ਸਿੰਘ ਨੇ ਮੋੜ ਕੇ ਭਾਜੀ, ਵਿਚ ਮਿਟੀ ਸ਼ਹਿਰ ਮਿਲਾਯਾ ਸੀ

ਕਹਿਰ ਮੰਨੂ ਦੇ ਦੁਨੀਆਂ ਜਾਣੇਂ, ਜਿਨ੍ਹੇਂ ਚੁਣ ਚੁਣ ਸੀ ਸਿੰਘ ਮਾਰੇ

ਅਸੀਂ ਨਿਖਰੇ ਜ਼ੁਲਮ ਦੀ ਭੱਠੀ'ਚ ਤੱਪਕੇ, ਹੋਏ ਦੂਣ ਸਵਾਏ ਸਾਰੇ

ਹਰਗਿਜ਼ ਜ਼ੁਲਮ ਨ੍ਹਾਂ ਸਹੀਏ ਅਸੀਂ, ਨ੍ਹਾਂ ਜ਼ੁਲਮ ਕਿਸੇ ਤੇ ਕਰਦੇ

ਮਜ਼ਲੂਮਾਂ ਦੀ ਰਕਸ਼ਾ ਦੇ ਹਿਤ, ਆਪਣੀਂ ਜਾਨ ਵੀ ਅਗੇ ਧਰਦੇ

ਅਣਖ ਅਸਾਡੀ ਦੁਨੀਆਂ ਜਾਣੇਂ, ਸੱਚ ਕਹਿਣ ਤੋਂ ਨਹੀਂ ਰੁਕਾਂਗੇ

ਹੁਕਮਰਾਨ ਹੋਵੇ ਜਾਂ ਸਿਆਸੀ, ਝੋਲੀ ਕਿਸੇ ਦੀ ਨਹੀਂ ਚੁਕਾਂਗੇ

ਗੁੜ੍ਹਤੀ ਵਿਚ ਜੋ ਮਿਲਿਆ ਸਾਨੂੰ, ਓਹ ਨਾਮ ਪ੍ਰਭੂ ਦਾ ਧਿਆਈਏ

ਸੇਵਾ ਸਿਮਰਨ ਦੀ ਉਜਲੀ ਰਾਹੇ, "ਜੀਤ" ਹੁਣ ਕਦਮ ਵਧਾਈਏ

ਬਿਕਰਮਜੀਤ ਸਿੰਘ "ਜੀਤ"

ਵਿਸ਼ਵ ਸਿੰਘ

ਅਸਲ ਕਾਵਿਤਾ

ਅਸਲ ਕਾਵਿਤਾ,
ਉਹ ਨਹੀਂ ਹੁੰਦੀ,
ਜਿਸ ਨੂੰ ਕਿਸੇ ਦੇ ਕਹਿਣ ਤੇ,
ਚੰਗਾ ਅੱਖਿਆ ਜਾਵੇ....

ਅਸਲ ਕਾਵਿਤਾ,ਉਹ ਹੁੰਦੀ ਹੈਂ,
ਜੋ ਇੱਕ ਵਾਰ ਪੜ੍ਹ ਕੇ ਹੀ,
ਜਿਸ ਦਾ ਜੋਸ਼ ਸੀਨੇ ਤੱਕ ਉਤਰ ਜਾਵੇ,
ਜਿਸ ਦਾ ਇੱਕ ਇੱਕ ਅੱਖਰ,
ਪੜ੍ਹਨ ਦੇ ਨਾਲ ਨਾਲ ਲੂ ਕੰਡੇ,
ਖੜੇ ਹੋ ਜਾਵਣ...

ਅਸਲ ਕਾਵਿਤਾ ਉਹ ਨਹੀਂ,
ਜਿਸ ਵਿਚ ਗਣਿਤ ਵਾਂਗ,
ਸ਼ਬਦਾਂ ਦਾ ਜੋੜ ਤੋੜ ਕੀਤਾ ਜਾਵੇ,
ਉਹ ਤਾਂ ਮਹਿਜ ਇੱਕ ਗਣਿਤ ਦਾ ਸਵਾਲ ਹੋਇਆ,
ਅਸਲ ਕਾਵਿਤਾ ਦੇ ਬੋਲ,
ਜੁਬਾਨ ਉਤੇ ਚਿਕਨੀ ਮਿੱਟੀ ਦੀ ਤਰਾ ਚਿਪਕ ਜਾਂਦੇ ਨੇ,
ਅਸਲ ਕਾਵਿਤਾ ਉਹ ਹੁੰਦੀ ਹੈਂ

ਅਸਲ ਕਾਵਿਤਾ ਉਹ ਨਹੀਂ,
ਜੋ ਲੋਭ ਜਾ ਕਿਸੇ ਦਬਾਅ ਵਿਚ ਲਿਖੀ ਜਾਵੇ,
ਜਾ ਜਾਲਮ ਸਰਕਾਰ ਦੇ ਹੱਕ ਵਿਚ ਲਿਖੀ ਜਾਵੇ,
ਅਸਲ ਕਾਵਿਤਾ ਉਹ ਹੈਂ,
ਜਿਸ ਵਿਚ ਨਿੱਤ ਭੁਖੇ ਮਰਦੇ ਤੇ,
ਫੁੱਟਪਾਥਾਂ ਤੇ ਪੈਂਦੇ ਗਰੀਬਾਂ ਦੀਆਂ,
ਖੁਸ਼ੀਆਂ ਗਮੀਆਂ ਹੋਣ,
ਅਸਲ ਕਾਵਿਤਾ ਉਹ ਹੈਂ.

ਕਿਸੇ ਦੀ ਵਾਹ ਵਾਹ,
ਸੁਣਨ ਲਈ ਕਾਵਿਤਾ ਲਿਖਣਾ,
ਉਹ ਤਾਂ ਇੱਕ ਬਣਾਉਟੀਪੁਣਾ ਹੋਇਆ,
ਜੋ ਤੁਸੀਂ ਕਦੇ ਵੀ ਲਿਖ ਸਕਦੇ ਹੋ,
ਅਸਲ ਕਾਵਿਤਾ ਉਹ ਨਹੀਂ,
ਅਸਲ ਕਾਵਿਤਾ ਉਹੀ ਲਿਖ ਸਕਦਾ ਹੈਂ,
ਜਿਸ ਨੇ ਨਿੱਤ ਦੇ ਤਾਪ ਸੰਤਾਪ ਹੰਢਾਏ ਹੋਣ,
ਤੇ ਜਿਸ ਨੇ ਹੋ ਰਹੀ ਧੱਕੇਸ਼ਾਹੀ ਵਿਰੁਧ ਅਵਾਜ਼ ਚੁੱਕੀ ਹੋਵੇ,
ਅਸਲ ਕਾਵਿਤਾ ਉਹ ਹੁੰਦੀ ਹੈਂ,
ਸ਼ਬਦਾਂ ਦਾ ਗਣਿਤ ਲਾ ਕੇ ਕਾਵਿਤਾ ਲਿਖਣਾ ਕਾਵਿਤਾ ਨਹੀਂ,
ਉਹ ਤਾਂ ਮਹਿਜ ਇੱਕ ਸਵਾਲ ਹੈਂ,
ਅਸਲ ਕਾਵਿਤਾ ਉਹ ਨਹੀਂ ਹੁੰਦੀ.

ਵਿਸ਼ਵ ਸਿੰਘ

ਕੁਲਜੀਤ ਖੋਸਾ

ਤੇਰੇ ਲਈ ਯਾਰਾ ..........

ਰੱਬ ਦੀਆਂ ਲਿਖੀਆਂ ਅੱਗੇ
ਕੇਰਾਂ ਅੜ ਕੇ ਵੇਖਾਂਗਾ,
ਇੱਕ ਵਾਰੀਂ ਤੇਰੇ ਲਈ ਯਾਰਾ
ਮੋਤ ਨਾ ਲੜ ਕੇ ਵੇਖਾਂਗਾ,

ਤੂੰ ਬੈਠੀ ਝਨਾਂ ਤੋਂ ਪਾਰ ਹੋਵੇਂ,
ਜਾਂ ਡੁੱਬਦੀ ਅੱਧ ਵਿਚਕਾਰ ਹੋਵੇਂ,
ਤੇਰੀ ਆਵਾਜ ਹੀ ਇੱਕੋ ਕਾਫੀ ਏ,
ਕੱਚਿਆਂ ਤੇ ਵੀ ਤਰ ਕੇ ਵੇਖਾਂਗਾ,

ਪੁਨੂੰ ਥਾਂ ਆਪਾ ਵਰਤ ਲਈ,
ਮੈਨੂੰ ਸੱਸੀ ਵਾਂਗੂੰ ਪਰਖ ਲਈ,
ਸਿਖਰ ਦੁਪਿਹਰੇ ਤਪਦੇ ਥਲਾਂ ਦੀ
ਰੇਤ ਚ ਸੜ ਕੇ ਵੇਖਾਂਗਾ,

ਪੰਜ ਟਾਇਮ ਨਮਾਜਾਂ ਕਰ ਕੇ,
ਵੇਦ ਗਰੰਥਾ ਨੂੰ ਜਾਂ ਪੜ ਕੇ,
ਜੇ ਮਿਲ ਸਕਦੀ ਏ ਜਿੰਦਗੀ ਏਦਾਂ
ਚੱਲ ਇਹ ਵੀ ਪੜ ਕੇ ਵੇਖਾਂਗਾ,

ਕਿਤੇ ਮਾਰ ਰੱਬ ਦੀ ਪੈ ਗਈ ਜੇ,
ਤੈਨੂੰ ਹੋਣੀ ਕਿਧਰੇ ਲੈ ਗਈ ਜੇ,
ਤੂੰ ਡਰੀ ਨਾ ਹੱਕ ਆਪਣੇ ਲਈ
ਜੂਹ ਰੱਬ ਦੀ ਵੜ ਕੇ ਵੇਖਾਂਗਾ,

ਇੱਕ ਵਾਰੀਂ ਤੇਰੇ ਲਈ ਯਾਰਾ
ਮੋਤ ਨਾ ਲੜ ਕੇ ਵੇਖਾਂਗਾ,,,,,,,,,,,,

ਕੁਲਜੀਤ ਖੋਸਾ

ਸ਼ਿਵਚਰਨ ਜੱਗੀ ਕੁੱਸਾ

ਤੇਰੇ ਤੋਂ ਤੇਰੇ ਤੱਕ

ਸੋਚਿਆ ਸੀ,
ਮਰਨ ਤੱਕ ਕਰੂੰਗਾ, 'ਤੇਰੇ' ਤੋਂ ਲੈ ਕੇ,
'
ਤੇਰੇ' ਤੱਕ ਦਾ ਸਫ਼ਰ!
ਪਰ ਕੰਡਿਆਲ਼ੀਆਂ ਰਾਹਾਂ,
ਤੇ ਤੇਰੀ ਬਦਨੀਤ ਨੇ,
ਸਫ਼ਰ ਤੈਅ ਨਾ ਹੋਣ ਦਿੱਤਾ!
...
ਤੇ ਨਾ ਹੀ 'ਤੂੰ' ਸੋਚਿਆ,
ਸੀਨੇ ਬਰਛੀ ਮਾਰਨ ਲੱਗੀ ਨੇ!

ਸੇਕਦੀ ਰਹੀ ਹੱਥ ਤੂੰ,
ਮੇਰੇ ਅਰਮਾਨਾਂ ਦੀ, ਚਿਖ਼ਾ ਬਾਲ਼!
ਅੱਕ ਦੇ ਝੁਲ਼ਸੇ ਬੂਝੇ,
ਲੱਗਦੇ ਰਹੇ ਤੈਨੂੰ ਮਜ਼ਲੂਮ,
ਤੇ ਮੇਰੀਆਂ ਸਧਰਾਂ ਨੂੰ ਤੂੰ,
ਹੋਰਾਂ ਦੇ ਸੇਕਣ ਲਈ, ਲਾਂਬੂ ਲਾ,
ਅੱਗੇ ਤੁਰ ਜਾਂਦੀ!
...
ਜਦ ਕਰਦਾ ਸ਼ਿਕਵਾ ਪੀੜ ਦਾ,
ਤਾਂ ਟਾਲ਼ ਜਾਂਦੀ ਹੱਸ ਕੇ..!
ਉਹ ਮੇਰੇ 'ਤੇ 'ਤੇਰਾ',
ਇੱਕ ਹੋਰ 'ਵਾਰ' ਹੁੰਦਾ ਸੀ!
.......
ਤੁਰ ਪਿਆ ਹਾਂ ਖਾਲੀ ਬਗਲੀ ਚੁੱਕ,
ਬੰਜਰ-ਉਜਾੜਾਂ ਵੱਲ!
ਰਹਿਮਤੀ ਖ਼ੈਰ ਦੀ ਤਾਂ ਮੈਨੂੰ,
ਕਿਤੋਂ ਵੀ ਆਸ ਨਹੀਂ!
ਪਰ,
ਜੋ ਰੁੱਖੀ-ਮਿੱਸੀ ਮਿਲ਼ੀ,
ਝੋਲ਼ੀ ਪੁਆ ਲਵਾਂਗਾ!
ਤੇ ਪਰਚ ਜਾਵਾਂਗਾ ਕਾਲ਼ੇ ਕਾਗਾਂ ਸੰਗ!
ਮੈਨੂੰ ਪਤੈ! ਹੱਥੋਂ ਟੁੱਕ ਖੋਹ ਕੇ,
ਖਾਣ ਦੀ ਝਾਕ ਤਾਂ ਉਹ ਰੱਖਣਗੇ,
ਪਰ, ਜਦ ਚਾਰਾ ਨਾ ਰਹੇ,
'
ਹੋਣੀਂ' ਨੂੰ ਅਪਨਾਉਣਾਂ ਹੀ ਪੈਂਦਾ ਹੈ!
ਮੈਂ ਹਿੱਸੇ ਆਇਆ ਦਾਨ ਸਮਝ ਕੇ,
ਉਹ ਟੁਕੜੇ ਉਹਨਾਂ ਨੂੰ ਹੀ, ਸੌਂਪ ਦਿਆਂਗਾ!

ਸ਼ਿਵਚਰਨ ਜੱਗੀ ਕੁੱਸਾ, Ilford, Redbridge, United Kingdom