ਸਾਂਝੀ ਕਲਮ ਵਿਸ਼ੇਸ਼

ਭਾਰਤੀ ਵਿਆਹਾਂ ਦਾ ਕਾਵਿ-ਸ਼ਾਸਤਰ
ਮੈਨੂੰ ਯਾਦ ਹੈ, ਬਹੁਤ ਪਹਿਲਾਂ ਜਦੋਂ ਮੈਂ ਨਿੱਕਾ ਹੁੰਦਾ ਸਾਂ, (ਵੈਸੇ ਮੈਨੂੰ ਸ਼ੱਕ ਹੈ ਕਿ ਹੁਣ ਵੀ ਮੈਂ ਵੱਡਾ ਹੋ ਗਿਆ ਹਾਂ) ਤੇ ਗਲੀ-ਮੁਹੱਲੇ ਵਿਚ ਜਦੋਂ ਕੋਈ ਵਿਆਹ ਹੁੰਦਾ ਸੀ ਤਾਂ ਕਿਹੋ ਜਿਹਾ ਨਜ਼ਾਰਾ ਹੁੰਦਾ ਸੀ।
ਪਹਿਲੀ ਗੱਲ ਇਹ ਵਿਆਹ ਸੱਚਮੁਚ ਗਲੀ ਮੁਹੱਲੇ ਵਿਚ ਹੁੰਦੇ ਸਨ। ਦੋ ਦਿਨ ਪਹਿਲਾਂ ਟੈਂਟ ਵਾਲੇ ਗਲੀ ਵਿਚ ਟੈਂਟ ਗੱਡ ਕੇ ਸਾਰਾ ਰਸਤਾ ਰੋਕ ਦਿੰਦੇ। ਉਸ ਤੋਂ ਕਈ ਦਿਨ ਪਹਿਲਾਂ ਸਾਰੇ ਮੁਹੱਲੇ ਦੇ ਜਵਾਕ ਮਿਲ ਕੇ ਘਰਾਂ ਵਿਚੋਂ ਰਜਾਈਆਂ–ਗਦੇਲੇ ਇਕੱਠੇ ਕਰਦੇ। ਹਲਵਾਈ ਬੈਠ ਜਾਂਦੇ ਤੇ ਥੋੜੇ ਵੱਡਿਆਂ ਬੰਦਿਆਂ (ਆਮ ਤੌਰ ‘ਤੇ ਇਹ ਦੂਜੇ ਸ਼ਹਿਰਾਂ ਵਿਚੋਂ ਆਏ ਮਾਮੇ, ਫੁੱਫੜ ਅਤੇ ਗਲੀ–ਮੁਹੱਲੇ ਦੇ ਵਿਹਲੜ ਹੁੰਦੇ) ਦੀਆਂ ਡਿਊਟੀਆਂ ਲੱਗ ਜਾਂਦੀਆਂ। ਉਹ ਹਲਵਾਈ ਕੋਲ ਬੈਠੇ ਆਲੂ ਛਿੱਲਦੇ, ਮਟਰ ਕੱਢਦੇ, ਗੱਲ–ਗੱਲ ‘ਤੇ ਉੱਚਾ ਹੱਸਦੇ ਤੇ ਨਾਲੋ–ਨਾਲ ਪੈੱਗ ਲਾਈ ਜਾਂਦੇ। ਗਲੀ–ਮੁਹੱਲੇ ਦੀਆਂ ਤੀਵੀਆਂ ਆ ਕੇ ਵਿਆਹ ਵਾਲੇ ਘਰ ਦਾ ਕੰਮ ਸਾਂਭ ਲੈਂਦੀਆਂ ਤੇ ਇਉਂ ਇਕ ਘਰ ਦਾ ਵਿਆਹ ਪੂਰੇ ਮੁਹੱਲੇ ਦਾ ਵਿਆਹ ਬਣ ਜਾਂਦਾ। ਕਈ ਕਈ ਦਿਨ ਪਹਿਲਾਂ ਰਿਸ਼ਤੇਦਾਰ ਆਉਣ ਲੱਗਦੇ। ਨਿੱਕੇ ਜਵਾਕ ‘ਲੁੱਡੀਆਂ ਪਾਉਂਦੇ’ ਉਨ੍ਹਾਂ ਨੂੰ ਰੇਲਵੇ ਸਟੇਸ਼ਨਾਂ ਤੋਂ ਲੈਣ ਜਾਂਦੇ ਤੇ ਆਉਂਦੇ ਰਿਸ਼ਤੇਦਾਰਾਂ ਦੇ ਅੱਗੇ ਪਿੱਛੇ ਛਾਲਾਂ ਮਾਰਦੇ ਉਨ੍ਹਾਂ ਦਾ ਜਲੂਸ ਕੱਢ ਦਿੰਦੇ।
ਉਦੋਂ ਵਿਆਹ ਸੱਚਮੁਚ ਇਕ ਬਹੁਤ ਵੱਡੀ ਘਟਨਾ ਹੁੰਦਾ ਸੀ। ਕਈ ਸਾਲ ਪਹਿਲਾਂ ਵਿਆਹ ਤੈਅ ਹੋ ਜਾਂਦਾ ਤੇ ਫਿਰ ਕੁੜੀ–ਮੁੰਡੇ ਨਾਲੋਂ ਵੱਧ ਸਾਰਾ ਗਲੀ ਮੁਹੱਲਾ ਉਸ ਵਿਆਹ ਦੀ ਉਡੀਕ ਕਰਨ ਲਗਦਾ ਸੀ। ਕਈ ਸਾਲ ਪਹਿਲਾਂ ਕੁੜੀ ‘ਵਿਆਂਦੜ’ ਬਣ ਕੇ ਗੱਲ ਗੱਲ ਤੇ ਸ਼ਰਮਾਉਣ ਲਗਦੀ ਅਤੇ ਆਪਣੇ ਭਾਵੀ ਘਰ ਅਤੇ ਘਰਵਾਲੇ ਦੇ ਸੁਪਨਿਆਂ ਵਿਚ ਜੀਣ ਲਗਦੀ ਸੀ। ਉੱਧਰ ਗੱਲ ਗੱਲ ਤੇ ਮੁੰਡੇ ਨੂੰ ਸਮਝਾਇਆ ਜਾਂਦਾ ਕਿ ਹੁਣ ਉਹ ‘ਸਿਆਣਾ’ ਬਣਨਾ ਸਿੱਖੇ ਕਿਉਂਕਿ ਜਲਦੀ ਉਸਦਾ ਵਿਆਹ ਹੋਣ ਵਾਲਾ ਹੈ। ਹਾਲਾਂਕਿ ਵਿਆਹ ਨੂੰ ਹਾਲੇ ਕਈ ਸਾਲ ਪਏ ਹੁੰਦੇ।
ਇਕ ਕੁੜੀ ਦਾ ਇਕ ਮੁੰਡੇ ਨਾਲ ਵਿਆਹ ਹੁੰਦਾ ਤੇ ਜਿਵੇਂ ਸਾਰਾ ਮੁਹੱਲਾ (ਕਈ ਵਾਰ ਪੂਰਾ ਕਸਬਾ) ਉਸ ਵਿਆਹ ਦੇ ਰੰਗ ਵਿਚ ਰੰਗਿਆ ਜਾਂਦਾ। ਹਰ ਕੋਈ ‘ਭੁੱਲ ਜਾਣ ਦੇ ਡਰੋਂ’ ਕਈ ਕਈ ਦਿਨ ਪਹਿਲਾਂ ਹੀ ਆਪਣੇ ਸਾਰੇ ਕੰਮ ਰੋਕ ਲੈਂਦਾ। ਉਦੋਂ ਕਿਸੇ ਦੇ ਵਿਆਹ ਵਿਚ ਸ਼ਗਨ ਪਾਉਣਾ ਕਿਸੇ ਦੇਸ਼ ਦੇ ਸੰਵਿਧਾਨ ਦੀ ਪਾਲਨਾ ਕਰਨ ਜਿੰਨਾ ਹੀ ਮਹੱਤਵਪੂਰਨ ਕੰਮ ਹੁੰਦਾ ਸੀ। ਸ਼ਗਨ ਪਾਉਣ ਵਾਲਾ ਦਿਲੋਂ ਸ਼ਗਨ ਪਾਉਂਦਾ ਤੇ ਸ਼ਗਨ ਲੈਣ ਵਾਲਾ ਵੀ ਇਕ ਵਾਰ ਦਿਲੋਂ ਨਾਂਹ ਕਰਦਾ। ਮੈਨੂੰ ਯਾਦ ਹੈ, ਮੇਰੀ ਵੱਡੀ ਭੈਣ ਸਰਬਜੀਤ ਦੇ ਵਿਆਹ ‘ਤੇ ਕਿਸੇ ਜਿਗਰੀ ਦੋਸਤ ਕੋਲੋਂ ਸ਼ਗਨ ਫੜ੍ਹਦਿਆਂ ਮੇਰਾ ਪਿਤਾ ਸਿਰਫ਼ ਇਸੇ ਕਰਕੇ ਰੋ ਪਿਆ ਸੀ ਕਿਉਂਕਿ ਸ਼ਗਨ ਦੇਣ ਵਾਲੇ ਨੇ ਕਿਹਾ ਸੀ, ‘‘ਭਰਾਵਾ ਗਰੀਬ ਬੰਦਾ ਆਂ, ਬੱਸ ਪੰਜ ਈ ਪੰਜਾਹ ਸਮਝ ਲਈਂ।” ਉਦੋਂ ਸ਼ਗਨ ਲਿਫ਼ਾਫਿਆਂ ਵਿਚ ਲੁਕੋ ਕੇ ਨਹੀਂ ਸਨ ਦਿੱਤੇ ਜਾਂਦੇ। ਉਦੋਂ ਪੰਜ ਸੱਚਮੁਚ ਪੰਜਾਹਾਂ ਵਾਂਗ ਸਮਝੇ ਜਾਂਦੇ ਸਨ। ਉਦੋਂ ਸ਼ਗਨਾਂ ਵਾਲੇ ਪੈਸਿਆਂ ਨੂੰ ਪਵਿੱਤਰ ਸਮਝ ਕੇ ਲਾੜੇ–ਲਾੜੀ ਦੇ ਭਵਿੱਖਤ ਜੀਵਨ ਨੂੰ ਸਮਰਪਿਤ ਕਰ ਦਿੱਤੇ ਜਾਂਦਾ ਸੀ। ਉਦੋਂ ਇਹ ਪੈਸੇ ਮੈਰਿਜ ਪੈਲਸਾਂ ਦੇ ਬਿਲ ਚੁਕਾਉਣ ਲਈ ਨਹੀਂ ਸਨ ਵਰਤੇ ਜਾਂਦੇ।
ਫਿਰ ਵਿਆਹ ਆਉਂਦਾ ਤੇ ਗਲੀ–ਮੁਹੱਲੇ–ਸ਼ਹਿਰ ਤੇ ਰਿਸ਼ਤੇਦਾਰੀਆਂ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਸਿਆਣੇ ਸਮਝੇ ਜਾਣ ਵਾਲੇ ਮਨੁੱਖ ‘ਵੇਟਰ’ ਬਣ ਜਾਂਦੇ। ਉਹ ਆਪਣੇ ਅਫ਼ਸਰੀ ਅਤੇ ਸਾਰਾ ਗਿਆਨ ਇਕ ਪਾਸੇ ਰੱਖ ਕੇ ਬਰਾਤੀਆਂ ਦੀ ਸੇਵਾ ਕਰਦੇ। ਜਿੰਨੀ ਦੇਰ ਬਰਾਤੀ ਨਾ ਖਾ ਲੈਂਦੇ, ਕੁੜੀ ਵਾਲਿਆਂ ਵੱਲੋਂ ਕੋਈ ਪਾਣੀ ਦਾ ਘੁੱਟ ਤੱਕ ਨਾ ਪੀਂਦਾ। ਫਿਰ ਜੰਞ ਤੁਰਨ ਦਾ ਵੇਲਾ ਆਉਂਦਾ। ਕੁੜੀ ਰੋਣ ਲਗਦੀ ਤੇ ਸਾਰਾ ਕਸਬਾ ਰੋ ਪੈਂਦਾ। ਵਿਦਾਈ ਦੀ ਇਸ ਰਸਮ ਵਿਚ ਇੰਨਾ ਦਰਦ ਹੁੰਦਾ ਕਿ ਇਕ ਵਾਰ ਤਾਂ ਮੁੰਡੇ ਵਾਲੇ ਵੀ ਕੁੜੀ ਨੂੰ ਉਸਦੇ ਮਾਪਿਆਂ ਤੋਂ ਵਿਛੋੜ ਕੇ ਲੈ ਜਾਣ ਕਰਕੇ ਸ਼ਰਮਿੰਦੇ ਹੋ ਜਾਂਦੇ।
ਉਦੋਂ ਵਿਆਹ ਸ਼ਾਇਦ ‘ਦਿਲਾਂ ਦੇ, ਦਿਲਾਂ ਦਵਾਰਾ, ਦਿਲਾਂ ਲਈ,’ ਹੁੰਦੇ ਸਨ।
ਪਰ ਹੁਣ ਭਾਰਤੀ, ਵਿਸ਼ੇਸ਼ ਕਰਕੇ ਪੰਜਾਬੀ ਵਿਆਹਾਂ ਦਾ ਕਾਵਿ–ਸ਼ਾਸਤਰ ਬਹੁਤ ਬਦਲ ਗਿਆ ਹੈ। ਹੁਣ ਇਹ ਵਿਆਹ ਗਲੀਆਂ ਮੁਹੱਲਿਆਂ ਵਿਚ ਨਹੀਂ, ਮੈਰਿਜ ਪੈਲਸਾਂ ਵਿਚ ਹੁੰਦੇ ਹਨ। ਦਿਲਾਂ ਨਾਲੋਂ ਜ਼ਿਆਦਾ ਇਹ ‘ਬਿਲਾਂ ਦੇ, ਬਿਲਾਂ ਦੁਆਰਾ, ਬਿਲਾਂ ਲਈ’ ਵਿਆਹ ਹੁੰਦੇ ਹਨ। ਹੁਣ ਇਕ ਮੈਰਿਜ ਦਾ ਜਿੰਨਾ ਬਿਲ ਬਣ ਜਾਂਦਾ ਹੈ, ਉਨ੍ਹਾਂ ਤਾਂ ਕੁੜੀ–ਮੁੰਡੇ ਨੇ ਇਕ ਦੂਜੇ ਨੂੰ ਦਿਲ ਨਹੀਂ ਦਿੱਤਾ ਹੁੰਦਾ। ਵਿਆਹ ਨਾਲੋਂ ਜ਼ਿਆਦਾ ਚਾਅ ਉਨ੍ਹਾਂ ਨੂੰ ਵਧੀਆ ਮੈਰਿਜ ਪੈਲਸ ਦਾ ਹੁੰਦਾ ਹੈ।
ਹੁਣ ਕੁੜੀ ਚੰਦਨ ਦੇ ਓਹਲੇ ਖੜੀ ਹੋ ਕੇ ਆਪਣੇ ਬਾਪ ਕੋਲੋਂ ਕਾਨ੍ਹ–ਕਨ੍ਹਈਆ ਵਰ ਨਹੀਂ ਮੰਗਦੀ। ‘ਵਰ’ ਦੀ ਕੁਆਲਟੀ ਬਾਰੇ ਸਮਝੌਤਾ ਕੀਤਾ ਜਾ ਸਕਦਾ ਹੈ ਪਰ ਮੈਰਿਜ ਪੈਲਸ ਉੱਤੇ ਹਰਗਿਜ਼ ਨਹੀਂ। ਮੈਰਿਜ ਛੋਟੀ ਹੋ ਸਕਦੀ ਹੈ ਪਰ ਮੈਰਿਜ ਪੈਲਸ ਨਹੀਂ। ਅੱਜ ਦੇ ਬਾਬਲ ਧੀ–ਪੁੱਤ ਦੇ ਜੀਵਨ–ਸਾਥੀ ਬਾਰੇ ਫ਼ੈਸਲਾ ਲੈਣ ਲੱਗਿਆਂ ਇੰਨਾ ਵਿਚਾਰ ਨਹੀਂ ਕਰਦੇ, ਜਿੰਨਾ ਮੈਰਿਜ–ਪੈਲਸ ਅਤੇ ਕੈਟਰਿੰਗ ਸਰਵਿਸ ਫਾਈਨਲ ਕਰਨ ਲੱਗਿਆਂ ਵਿਚਾਰ ਕਰਦੇ ਹਨ।
ਵਿਆਹ ਹੁਣ ਵੀ ਇਕ ਵੱਡੀ ਘਟਨਾ ਹਨ ਪਰ ਵਾਪਰਦੇ ਇਹ ਦੁਰਘਟਨਾ ਵਾਂਗ ਹਨ। ਅਚਾਨਕ… ਬਿਨਾਂ ਕਿਸੇ ਪੂਰਵ–ਸੰਕੇਤ ਦੇ। ਖ਼ਾਸ ਕਰਕੇ ਜਦੋਂ ਲਾੜਾ ਕੋਈ ‘ਐਨ ਆਰ ਆਈ’ ਹੋਵੇ, ਜਿਹੜੇ ਬਾਜ਼ ਵਾਂਗ ਡਾਈਵ ਲਾ ਕੇ ਪੰਜਾਬ ਵਿਚ ਉਤਰਦੇ ਹਨ ਤੇ ਇਕ ਲਾੜੀ ‘ਚੁੱਕ ਕੇ’ ਫੁੱਰਰਰ ਹੋ ਜਾਂਦੇ ਹਨ। ਕਾਲਜ ਲਈ ਨਾਟਕ ਤਿਆਰ ਕਰਵਾ ਰਿਹਾ ਸਾਂ। ਲੀਡ ਰੋਲ ਕਰ ਰਹੀ ਕੁੜੀ ਇਕ ਦਿਨ ਸ਼ੋਅ ਤੋਂ ਸਿਰਫ਼ ਦੋ ਤਿੰਨ ਪਹਿਲਾਂ ਰਿਹਰਸਲ ਲਈ ਨਹੀਂ ਆਈ। ਆਇਆ ਤਾਂ ਅਗਲੇ ਦਿਨ ਉਸਦੀ ਮਾਂ ਦਾ ਸੁਨੇਹਾ… ‘‘ਕਲ੍ਹ ਅਚਾਨਕ ਕੁੜੀ ਦਾ ਵਿਆਹ ਕਰਨਾ ਪੈ ਗਿਆ। ਬਾਹਰੋਂ ਇਕ ਵਧੀਆ ਮੁੰਡਾ ਆਇਆ ਸੀ…”
ਅੱਜ–ਕਲ੍ਹ ਮੁੰਡੇ–ਕੁੜੀਆਂ ਵਿਆਹ ਦੇ ਸੁਪਨੇ ਨਹੀਂ ਵੇਖਦੇ, ਸਿਰਫ਼ ਉਡੀਕ ਕਰਦੇ ਹਨ। ਇਕ ਘਟਨਾ ਵਾਂਗ, ਜੋ ਕਦੇ ਵੀ ਵਾਪਰ ਸਕਦੀ ਹੁੰਦੀ ਹੈ।
ਹੁਣ ਕੁੜੀ ਮੁੰਡੇ ਦਾ ਵਿਆਹ ਨਹੀਂ ਹੁੰਦਾ, ‘ਟੀ–20′ ਕ੍ਰਿਕੇਟ ਮੈਚ ਦਾ ਆਯੋਜਨ ਹੁੰਦਾ ਹੈ। ਖੇਡ ਘੱਟ ਅਤੇ ਤੜਕ–ਭੜਕ ਜ਼ਿਆਦਾ। ਮਹਿਮਾਨਾਂ ਨਾਲੋਂ ਵਧੇਰੇ ਹਾਈ–ਫਾਈ ‘ਵੇਟਰ’ ਹੁੰਦੇ ਹਨ। ਸ਼ਗਨ ਜਿੰਨੀ ਕੀਮਤ ਸ਼ਗਨ ਵਾਲੇ ਲਿਫ਼ਾਫੇ ਦੀ ਹੁੰਦੀ ਹੈ। ਸ਼ਗਨ ਪਾਏ ਨਹੀਂ, ਸੁੱਟੇ ਜਾਂਦੇ ਹਨ। ਸ਼ਗਨ ਫੜ੍ਹੇ ਨਹੀਂ, ਲੁੱਟੇ ਜਾਂਦੇ ਹਨ। ਸ਼ਗਨ ਦੇਣਾ ਵੀ ਇਕ ਰਸਮ ਹੁੰਦੀ ਹੈ (ਜਾਂ ਰੈਸਟੋਰਾਂ ਦਾ ਬਿੱਲ ਪੇ ਕਰਨ ਵਰਗੀ ਕਮਰਸ਼ੀਅਲ ਲਾਇਬਿਲਟੀ) ਤੇ ਲੈਣ ਲੱਗਿਆਂ ਨਾਂਹ ਕਰਨਾ ਵੀ। ਦੇਣ ਵਾਲੇ ਨਾਲੋਂ ਜ਼ਿਆਦਾ ਸ਼ਗਨ ਦੀ ਰਕਮ ਲੈਣ ਵਾਲੇ ਦੀ ਹੈਸੀਅਤ ਦਾ ਪ੍ਰਗਟਾਵਾ ਹੁੰਦੀ ਹੈ। ਮੈਨੂੰ ਹੈਰਾਨੀ ਹੁੰਦੀ ਹੈ, ਜਦੋਂ ਅਮੀਰ ਬੰਦੇ ਦੀ ਧੀ ਨੂੰ ਗਿਆਰਾਂ ਸੌ ਦਾ ਸ਼ਗਨ ਪੈ ਜਾਂਦਾ ਹੈ ਤੇ ਗਰੀਬ ਦੀ ਧੀ ਨੂੰ ਸਿਰਫ਼ ਸੌ। ਇਸ ਤੋਂ ਸਿੱਧ ਹੁੰਦਾ ਹੈ, ਅਮੀਰ ਗਰੀਬਾਂ ਨਾਲੋਂ ਵਧੇਰੇ ਲੋੜਵੰਦ ਹੁੰਦੇ ਹਨ। ਸ਼ਾਇਦ ਉਨ੍ਹਾਂ ਵੱਡੇ ਮੈਰਿਜ–ਪੈਲਸਾਂ ਦੇ ਵੱਡੇ ਬਿੱਲ ਪੇ ਕਰਨੇ ਹੁੰਦੇ ਹਨ।
ਹੁਣ ਬਰਾਤੀਆਂ ਨੂੰ ਘਰਾਤੀਆਂ ਨਾਲੋਂ ਕਿਤੇ ਜ਼ਿਆਦਾ ‘ਵੇਟਰ’ ਅਟੈਂਡ ਕਰਦੇ ਹਨ। ਬਰਾਤ ਹਮੇਸ਼ਾ ਵਾਂਗ ਲੇਟ ਆਉਂਦੀ ਹੈ ਤੇ ਕਈ ਵਾਰ ਘਰਾਤੀ ‘ਆ ਕੇ – ਸ਼ਗਨ ਪਾ – ਖਾਣਾ ਖਾ ਕੇ’ ਜਾ ਵੀ ਚੁੱਕੇ ਹੁੰਦੇ ਹਨ। ਕੋਈ ਬਰਾਤੀਆਂ ਦੀ ਉਡੀਕ ਨਹੀਂ ਕਰਦਾ। ਮੈਂ ਅਜਿਹੇ ਵੀ ਵਿਆਹ ਅਟੈਂਡ ਕੀਤੇ ਹਨ ਕਿ ਜਦੋਂ ਬਰਾਤ ਪਹੁੰਚੀ, ਘਰਾਤੀਆਂ ਨੇ ਹੀ ਸਾਰੀਆਂ ਸਟਾਲਾਂ ਖਾਲੀ ਕਰ ਛੱਡੀਆਂ ਸਨ ਤੇ ਲਾੜੇ ਲਈ ਵੀ ਖਾਣ–ਪੀਣ ਦਾ ਸਮਾਨ ਇਕੱਠਾ ਕਰਨ ਲਈ ਕੁੜੀ ਵਾਲਿਆਂ ਨੂੰ ‘ਭੱਜ–ਨੱਠ’ ਕਰਨੀ ਪਈ। ਹੁਣ ਮੁੰਡੇ ਵਾਲਿਆਂ ਨਾਲੋਂ ਕੁੜੀ ਵਾਲੇ ਕਿਤੇ ਜ਼ਿਆਦਾ ‘ਟੱਲੀ’ ਹੋਏ ਫਿਰਦੇ ਨਜ਼ਰ ਆਉਂਦੇ ਹਨ। ‘ਮੈਰਿਜ–ਪੈਲਸ–ਮੈਰਿਜ–ਸਿਸਟਮ’ ਦੇ ਮਾਹਿਰ ਕਿਸੇ ਵਿਆਹ ਵਿਚ ਪਹੁੰਚਣ ਸਾਰਾ ਪਹਿਲਾ ਕੰਮ ਇਹ ਕਰਦੇ ਹਨ ਕਿ ਕਿਸੇ ਚਾਲੂ ਜਿਹੇ ਵੇਟਰ ਨੂੰ ਦੱਸ–ਵੀਹ ਦੀ ਐਡਵਾਂਸ ਟਿੱਪ ਦੇ ਕੇ ਗੋਟੀ ਫਿੱਟ ਕਰ ਲੈਂਦੇ ਹਨ ਤੇ ਫਿਰ ਲਾੜਾ ਭਾਵੇਂ ਭੁੱਖਾ ਰਹਿ ਜਾਵੇ। ਉਹ ਵੇਟਰ ਉਸ ਟੇਬਲ ਨੂੰ ਨਹੀਂ ਖਾਲੀ ਰਹਿਣ ਦਿੰਦਾ। ਫਿਰ ਮਹਿਮਾਨ ਇੰਨੇ ਕਿ ਕੋਈ ਨਹੀਂ ਪਤਾ ਹੁੰਦਾ ਕਿਸਨੂੰ ਕਿਸਨੇ ਸੱਦਿਆ ਹੈ। ਅਜਿਹੇ ਮਹੌਲ ਵਿਚ ਕਈ ਲੰਘਦੇ–ਟੱਪਦੇ ਵੀ ਖਾਣ–ਪੀਣ ਦਾ ਜਲਸਾ ਕਰ ਜਾਂਦੇ ਹਨ।
ਪਿਛਲੇ ਦੱਸ ਕੁ ਸਾਲਾਂ ਵਿਚ ਮੈਂ ਮੈਰਿਜ–ਪੈਲਸ ਸਿਸਟਮ ਵਿਚ ਸੌ ਕੁ ਵਿਆਹ ਜ਼ਰੂਰ ਅਟੈਂਡ ਕੀਤੇ ਹੋਣਗੇ ਤੇ ਮੈਨੂੰ ਇਕ ਵੀ ਵਿਆਹ ਵੱਖਰੇ ਤੌਰ ‘ਤੇ ਯਾਦ ਨਹੀਂ। ਉਹੀ ਸਿਸਟਮ, ਉਹੀ ਵੇਟਰ, ਉਹੀ ਮੈਨਿਊ ਤੇ ਉਹੀ ਮਸਾਲੇਦਾਰ ਸਵਾਦ। ਅੱਠ ਪਕੌੜੇ ਖਾ ਕੇ ਫੇਰ ਵੀ ਪੁੱਛਣਾ ਪੈਂਦਾ ਹੈ ਕਿ ਇਹ ਵੈੱਜ ਹੈ ਜਾਂ ਨੌਨ–ਵੈੱਜ। ਮੈਨੂੰ ਯਾਦ ਹੈ, ਇਕ ਕੱਟੜ ਸ਼ਾਕਾਹਾਰੀ ਦੋਸਤ ਦੀ ਬੀਵੀ ਮੱਛੀ ਦੇ ਪਕੌੜਿਆਂ ਨੂੰ ਪਨੀਰ ਪਕੌੜੇ ਸਮਝ ਕੇ ਛਕ ਗਈ। ਮੇਰਾ ਦਾਅਵਾ ਹੈ, ਤੁਸੀਂ ਕਿਸੇ ਪੰਜਾਬੀ ਮੈਰਿਜ ਵਿਚ ‘ਢਿੱਡ ਖ਼ਰਾਬ ਕਰਕੇ’ ਖਾਣ ਤੋਂ ਬਿਨਾਂ ‘ਢਿੱਡ ਭਰ ਕੇ’ ਖਾਣਾ ਨਹੀਂ ਖਾ ਸਕਦੇ।
ਮਸਾਲੇਦਾਰ ਖਾਣੇ ਤੋਂ ਇਲਾਵਾ ਤੁਸੀਂ ਇਨ੍ਹਾਂ ਵਿਆਹਾਂ ਵਿਚ ਮਸਾਲੇਦਾਰ ਨਾਚ ਵੀ ਦੇਖ ਸਕਦੇ ਹੋ। ਪੂਰੇ ਪਰਿਵਾਰ ਦੀ ਹਾਜ਼ਰੀ ਵਿਚ ਹੁਣ ਪੰਜਾਬੀ ਮੰਚ ਉੱਤੇ ਅਧਨੰਗੀਆਂ ਕੁੜੀਆਂ ਨੂੰ ਨੱਚਦੇ ਦੇਖਦੇ ਹਨ। ਵੱਡੀ ਉਮਰ ਦੇ ਲੋਕ ਤੇ ਤਥਾ–ਕਥਿਤ ਧਾਰਮਿਕ ਲੋਕ ਪਹਿਲਾਂ ਨੱਕ–ਬੁਲ੍ਹ ਵੱਟਦੇ ਹਨ। ਬੁੱਧੀਜੀਵੀ ਤੇ ਸਾਹਿਤਕ ਲੋਕ ਪਹਿਲਾਂ ਇਨ੍ਹਾਂ ਕੁੜੀਆਂ ‘ਤੇ ਤਰਸ ਖਾਂਦੇ ਹਨ ਤੇ ਇਨ੍ਹਾਂ ਨੂੰ ‘ਨਾਚੀਆਂ’ ਬਣਾਉਣ ਵਾਲੇ ਸਿਸਟਮ ਦੀ ਆਲੋਚਨਾ ਕਰਦੇ ਹਨ। ਪਰ ਜਿਵੇਂ ਹੀ ਦੋ–ਦੋ ਪੈੱਗ ਅੰਦਰ ਉਤਰ ਜਾਂਦੇ ਹਨ ਤੇ ਉੱਧਰ ਕੁੜੀਆਂ ਦੇ ਪਹਿਰਾਵੇ ਢਿੱਡ ਤੋਂ ਹੇਠਾਂ ਉਤਰ ਜਾਂਦੇ ਹਨ, ਸਾਰੇ ‘ਇਕੋ ਹਮਾਮ ਦੇ ਨੰਗੇ ਹੋ ਜਾਂਦੇ ਹਨ’। ਉਹ ਪੂਰੀ ਤਾਕਤ ਨਾਲ ਅੱਖਾਂ ਪਾੜ ਕੇ ਇਨ੍ਹਾਂ ਕੁੜੀਆਂ ਵੱਲ ਵੇਖਦੇ ਹਨ। ਇਸੇ ਗੱਲ ਤੋਂ ਦੁੱਖੀ ਹੋ ਕੇ ਮੇਰੇ ਨਾਟਕ ‘ਮੈਂ ਫਿਰ ਆਵਾਂਗਾ’ ਦੀ ਪੜ੍ਹੀ–ਲਿਖੀ ਪਰ ਆਰਥਿਕ ਤੰਗੀਆਂ ਕਰਕੇ ਨੱਚਣ ਲਈ ਮਜ਼ਬੂਰ ਪੜ੍ਹੀ–ਲਿਖੀ ਨਾਇਕਾ ਰੁਪਿੰਦਰ ਆਖਦੀ ਹੈ, ‘‘ਮਾਣ ਕਰਦੇ ਸਨ ਮੇਰੇ ਟੀਚਰ ਕਿ ਕਦੇ ਮੇਰੇ ਸਿਰੋਂ ਚੁੰਨੀ ਨਹੀਂ ਸੀ ਲਹਿੰਦੀ ਤੇ ਇੱਥੇ… ਛੇ ਛੇ ਇੰਚ ਦੇ ਕਪੜਿਆਂ ਦੀ ਪਲੇਟ ਵਿਚ ਆਪਣਾ ਪੂਰਾ ਜਿਸਮ ਸਜਾ ਕੇ ਲੋਕਾਂ ਨੂੰ ਪੇਸ਼ ਕਰਨੈ ਪੈਂਦੇ। ਪਿਓਆਂ ਦੀ ਉਮਰ ਦੇ ਹੁੰਦੇ ਨੇ ਜਿਹੜੇ ਐਨ ਮੇਰੇ ਸਾਹਮਣੇ ਨੱਚਦੇ ਹਾਬੜੀਆਂ ਨਜ਼ਰਾਂ ਦੀਆਂ ਛੁਰੀਆਂ ਨਾਲ ਪਿੰਡੇ ਦਾ ਇੰਚ ਇੰਚ ਛਿੱਲ ਸੁੱਟਦੇ ਨੇ…” ਮੰਚ ‘ਤੇ ਉਹ ਨੱਚਦੀਆਂ ਹਨ ਤੇ ਹੇਠਾਂ ਡਾਂਸ ਫਲੋਰ ‘ਤੇ ਨਸ਼ੇ ਵਿਚ ਟੱਲੀ ਹੋਏ ਬਰਾਤੀ–ਘਰਾਤੀ। ਸਕਾ ਭਰਾ ਆਪਣੀ ਭੈਣ ਵੱਲ ਉਂਗਲਾਂ ਕੱਢ ਕੱਢ ਗਾਉਂਦਾ ਹੈ, ‘‘ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ‘ਚ ਤੇਰਾ ਯਾਰ ਬੋਲਦਾ….।” ਕੁਝ ਨੂੰ ਦਾਰੂ ਚੜ੍ਹੀ ਹੁੰਦੀ ਹੈ ਤੇ ਕੁਝ ਨੂੰ ਇਹ ਕੁੜੀਆਂ, ਜਿਨ੍ਹਾਂ ਵਿਚੋਂ ਬਹੁਤੀਆਂ ਨੱਚਣਾ ਵੀ ਨਹੀਂ ਜਾਣਦੀਆਂ ਹੁੰਦੀਆਂ, ਸਿਰਫ਼ ਲੱਕ ਹਿਲਾਉਂਦੀਆਂ ਹਨ ਤੇ ਹੇਠਾਂ ਨੱਚਦੇ ਲੋਕਾਂ ਨੂੰ ਇਸ਼ਾਰੇ ਕਰ ਕਰ ਕੇ ਵੱਧ ਤੋਂ ਵੱਧ ਨੋਟ ਵਾਰਨ ਲਈ ਉਕਸਾਉਂਦੀਆਂ ਰਹਿੰਦੀਆਂ ਹਨ।
ਲੋਕ ਇੱਧਰ ਮੇਲਾ ਮਾਣ ਰਹੇ ਹੁੰਦੇ ਹਨ ਤੇ ਉੱਧਰ ਕਿਸੇ ਖੂੰਜੇ ਜਾਂ ਗੁਰਦਵਾਰੇ ਵਿਚ ਕੁੜੀ–ਮੁੰਡੇ ਦੇ ਫੇਰਿਆਂ ਦਾ ਨਾਟਕ ਹੋ ਰਿਹਾ ਹੁੰਦਾ ਹੈ। ਇਸ ਨਾਟਕ ਦੇ ਡਾਇਰੈਕਟਰ ਹੁੰਦੇ ਹਨ, ਫ਼ੋਟੋਗ੍ਰਾਫ਼ਰ। ਫੋਟੋਗ੍ਰਾਫ਼ਰ ਤੋਂ ਪੁੱਛੇ ਬਿਨਾਂ ਭਾਈ ਅਨੰਦ ਨਹੀਂ ਪੜ੍ਹ ਸਕਦਾ। ਪੰਡਤ ਆਹੂਤੀ ਨਹੀਂ ਪਾ ਸਕਦਾ। ਲਾਵਾਂ ਲੈਣੀਆਂ ਤਾਂ ਬਹੁਤ ਦੂਰ ਦੀ ਗੱਲ, ਮੁੰਡਾ ਕੁੜੀ ਇਕ ਦੂਜੇ ਵੱਲ ਝਾਕ ਨਹੀਂ ਸਕਦੇ। ਫੋਟੋਗ੍ਰਾਫ਼ਰਾਂ ਦੀ ਇਸ ਮੈਰਿਜ ਸਿਸਟਮ ਵਿਚ ਦਖ਼ਲ ਅੰਦਾਜ਼ੀ ਤੋਂ ਮੈਨੂੰ ਡਰ ਲੱਗਣ ਲਗਦਾ ਹੈ ਕਿ ਇਧਰ ਭਾਈ ਇਕ ਲਾਂ ਪੜ੍ਹੇਗਾ ਤੇ ਉੱਧਰ ਅਚਾਨਕ ਫੋਟੋਗ੍ਰਾਫ਼ਰ ਚੀਖ਼ ਪਏਗਾ, ‘‘ਕਟ ਇਟ ! ਟੈਕਨੀਕਲ ਫਾਲਟ। ਟੇਕ ਅਗੇਨ…!”
ਤੇ ਫਿਰ ਪਤਾ ਹੀ ਨਹੀਂ ਲਗਦਾ, ਕਦੋਂ ਬਰਾਤ ਕੁੜੀ ਲੈ ਕੇ ਖ਼ਿਸਕ ਜਾਂਦੀ ਹੈ। ਹੁਣ ਪੰਜਾਬਣ ਕੁੜੀ ਦਾ ਡੋਲਾ ਬਾਬਲ ਦੇ ਦਰੋਂ ਨਹੀਂ, ਮੈਰਿਜ–ਪੈਲਸ ਵਾਲੇ ਅੰਕਲ ਦੇ ਆਫਿ਼ਸ ਵਿਚੋਂ ਨਿਕਲਦਾ ਹੈ ਤੇ ਬਾਬਲ ਧੀ ਦੇ ਵਿਛੋੜੇ ਨਾਲੋਂ ਜ਼ਿਆਦਾ ਪੈਲਸ ਦਾ ਬਿੱਲ ਵੇਖ ਕੇ ਰੋਂਦਾ ਹੈ।
ਮੈਨੂੰ ਵਿਆਹ ਦੇ ਇਸ ਨਵੇਂ ਸਿਸਟਮ ‘ਤੇ ਕੋਈ ਇਤਰਾਜ਼ ਨਹੀਂ। ਬਦਲਦੇ ਵਕਤ ਨਾਲ ਵਿਆਹ ਦੀ ਪਰੰਪਰਾ ਨੇ ਵੀ ਬਦਲਨਾ ਸੀ ਤੇ ਇਹ ਬਦਲ ਰਹੀ ਹੈ। ਮੇਰਾ ਇਤਰਾਜ਼ ਇਹ ਹੈ ਕਿ ਇਹ ਨਵਾਂ ਸਿਸਟਮ ਵਿਆਹ ਦੀ ਰਸਮ ਨੂੰ ਇਕ ‘ਫੰਕਸ਼ਨ’ ਵਿਚ ਬਦਲ ਦਿੰਦਾ ਹੈ। ਮੈਰਿਜ ਪੈਲਸਾਂ ਦਾ ਇਹ ਸ਼ਾਹੀ ਅਡੰਬਰ ਇਸ ਫੰਕਸ਼ਨ ਨੂੰ ਇੰਨਾ ਵੱਡਾ ਬਣਾ ਦਿੰਦਾ ਹੈ ਕਿ ਖ਼ੁਦ ‘ਵਿਆਹ’ ਛੋਟਾ ਪੈ ਜਾਂਦਾ ਹੈ। ਆਪਣੇ ਬੇਲੀਆਂ ਤੇ ਸਹੇਲੀਆਂ ਦੇ ਵਿਆਹ ਵੇਖ ਕੇ ਅਲ੍ਹੜ ਮੁੰਡੇ ਕੁੜੀਆਂ ਦੇ ਖ਼ੁਦ ਦੇ ਵਿਆਹਾਂ ਦੇ ਸੁਪਨੇ ਵੱਡੇ ਹੋ ਜਾਂਦੇ ਹਨ। ਪਰ ਜਦ ਵਿਆਹ ਹੁੰਦਾ ਹੈ, ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਵਿਆਹ ਇਕ ਬਹੁਤ ਛੋਟਾ ਮਾਮਲਾ ਸੀ। ਦੋ ਚਾਰ ਦਿਨ ਦਾ ਹਨੀਮੂਨ ਤੇ ਬੱਸ… ਉਹ ਜਿੰਨੀ ਤੇਜੀ ਨਾਲ ਵਿਆਹ ਦੇ ਅੰਦਰ ਜਾਂਦੇ ਹਨ, ਉਤਨੀ ਹੀ ਤੇਜੀ ਨਾਲ ਬਾਹਰ ਨਿਕਲ ਆਉਣ ਨੂੰ ਛਟਪਾਉਣ ਲਗਦੇ ਹਨ। ਜਿਵੇਂ ਦਰਸ਼ਕ ਕਿਸੇ ਬਹੁਤ ਵੱਡੇ ਸਟਾਰ ਦੀ ਫਲਾਪ ਫਿਲਮ ਨਾਲ ਕਰਦੇ ਹਨ। ਮੁੰਡਿਆਂ ਨਾਲੋਂ ਜ਼ਿਆਦਾ ਇਹ ਛਟਪਟਾਹਟ ਕੁੜੀਆਂ ਅੰਦਰ ਵਧੇਰੇ ਹੁੰਦੀ ਹੈ। ਸ਼ਾਇਦ ਵਿਆਹ ਦੇ ਜ਼ਿਆਦਾ ਸੁਪਨੇ ਵੀ ਉਨ੍ਹਾਂ ਨੇ ਦੇਖੇ ਹੁੰਦੇ ਹਨ। ਮੇਰੀਆਂ ਬਹੁਤ ਸਾਰੀਆਂ ਵਿਦਿਆਰਥਣਾਂ ਜਦੋਂ ਵਿਆਹ ਦੇ ਦੋ ਤਿੰਨ ਮਹੀਨੇ ਬਾਅਦ ਕਾਲਜ ਮੁੜਦੀਆਂ ਹਨ ਤਾਂ ਜਿੰਨੀ ਹਸਰਤ ਨਾਲ ਉਹ ਕਾਲਜ ਦੇ ਮਹੌਲ ਨੂੰ ਵੇਖਦੀਆਂ ਹਨ, ਕੋਈ ਨਹੀਂ ਵੇਖਦਾ। 1926 ਵਿਚ ਬਣਿਆ ਮੇਰਾ ਸਧਾਰਨ ਜਿਹਾ ਕਾਲਜ ਫਿਰ ਉਨ੍ਹਾਂ ਨੂੰ ਕਿਸੇ ਵੀ ਮੈਰਿਜ ਪੈਲਸ ਤੋਂ ਵਧੀਆ ਲੱਗਣ ਲਗਦਾ ਹੈ।
ਮੈਰਿਜ ਪੈਲਸ ਦਿਨੋ ਦਿਨ ਫੈਲ ਰਹੇ ਹਨ ਅਤੇ ਵਿਆਹ ਦਾ ਰਿਸ਼ਤਾ ਦਿਨੋ–ਦਿਨ ਸੁੰਗੜ ਰਿਹਾ ਹੈ। ਸਵਾਲ ਇਹ ਹੈ ਕਿ ਆਖ਼ਿਰ ਵਿਆਹ ਦੇ ਨਾਂ ‘ਤੇ ਲੱਖਾਂ ਰੁਪਏ ਖ਼ਰਚ ਕੇ ਪੰਜਾਬੀ (ਭਾਰਤੀ) ਇਨ੍ਹਾਂ ਮੈਰਿਜ ਪੈਲਸਾਂ ਅੰਦਰ ਕਰ ਕੀ ਰਹੇ ਹਨ?
ਤੇ ਮੇਰਾ ਜਵਾਬ ਹੈ : ਹਨੇਰੇ ਕਮਰੇ ਵਿਚ ਇਕ ਕਾਲੀ ਬਿੱਲੀ ਦੀ ਤਲਾਸ਼, ਜਿਹੜੀ ਕਿ ਉੱਥੇ ਹੈ ਹੀ ਨਹੀਂ।

ਡਾ . ਪਾਲੀ ਭੁਪਿੰਦਰ ਸਿੰਘ