Thursday, 19 April 2012

ਗੁਲਸ਼ਨ ਦਿਆਲ


ਕੀ ਕਰਾਂਗੀ .....................?

ਬਹੁਤ ਡਰਦੀ ਹਾਂ ਮੈਂ
ਉਸ ਪਾਰ ਜਾਣ ਤੋਂ
ਕਿਵੇਂ ਜਾਵਾਂਗੀ ਮੈਂ
ਤੇ ਫਿਰ ਕਿਵੇਂ ਮੁੜ ਸਕਾਂਗੀ ਮੈਂ ?
ਕੀ ਹੋਵੇਗਾ - ਜੇ ਕਿਸੇ ਪਿੰਡ ਦੀ ਜੂਹ ਨੇ
ਮੇਰੀਆਂ ਪੈੜਾਂ ਨੂੰ ਪੱਛਾਣ ਲਿਆ ?
ਕੀ ਹੋਵੇਗਾ
ਜੇ ਕਿਸੇ ਬੋਹੜ ਦੀ ਛਾਂ
ਮੇਨੂੰ ਦੇਖ ਵਿਲ੍ਹਕ ਉੱਠੀ
ਤੇ ਫਿਰ ਉਹ ਬੋਹੜ ਮੇਨੂੰ ਆਖੇ
ਕਿ ਕਿਵੇਂ ਉਸ ਨੇ ਆਪਣੇ ਚੇਤੇ ਵਿਚ
ਮੇਰੇ ਬਚਪਨ ਦੀਆਂ ਕਿਲਕਾਰੀਆਂ
ਸਾਂਭ ਰੱਖੀਆਂ ਹਨ ..
ਕੀ ਕਰਾਂਗੀ ਜੇ ਨਾਨਕ ਦੀ ਜਨਮ
ਧਰਤੀ ਦੀ ਆਬੋ ਹਵਾ ਨੇ
ਮੇਨੂੰ ਪਛਾਣ ਲਿਆ ਤੇ ਮੇਨੂੰ ਦੱਸਿਆ
ਕੀ ਅਜੇ ਵੀ ਉਸ ਦੇ ਸਾਹਾਂ ਵਿਚ
ਮੇਰੀ ਮਾਂ ਦਾ ਜਪਿਆ ਜਪੁਜੀ
ਸੁਣਾਈ ਦਿੰਦਾ ਹੈ
ਕੀ ਕਰਾਂਗੀ ਜੇ ਰਾਵੀ ਦੀਆਂ ਛੱਲਾਂ
ਮੇਰੇ ਪੈਰਾਂ ਨੂੰ ਚੁੰਮਣ ਆਈਆਂ
ਤੇ ਜਾਂਦੀਆਂ ਜਾਂਦੀਆਂ ਮੇਰੀਆਂ
ਅਖੀਆਂ ' ਚ ਪਾਣੀ ਭਰ ਗਈਆਂ
ਕੀ ਕਰਾਂਗੀ ਜੇ ਫਿਰ ਝੰਨਾਂ ਨੇ
ਮੇਨੂੰ ਸੋਹਣੀ ਦੀ ਗੱਲ ਸੁਣਾਈ ਤੇ
ਤੇ ਆਖਿਆ , " ਮੇਰੇ ਕੋਲ ਰਹਿ ,
ਤੇ ਆਹ ਲੈ ਤੇਰਾ ਮਹੀਵਾਲ !"
ਪਰ ਫਿਰ ਉਹੀ ਕੱਚਾ ਘੜ੍ਹਾ
ਮੇਰੇ ਪੈਰਾਂ ਨੂੰ ਲਾਇਆ
ਕੀ ਕਰਾਂਗੀ ਜੇ ਫਿਰ
ਕਿਸੇ ਜੰਗਲ ਬੇਲੇ ਨੂੰ
ਯਾਦ ਆਇਆ
ਕਿ ਉੱਥੇ ਹੀ ਕਿਸੇ ਝੰਡ ਹੇਠ
ਮੇਰੀ ਪੱਤ ਲੁੱਟੀ ਗਈ ਸੀ
ਕੀ ਕਰਾਂਗੀ ਜੇ ਤੇਰੇ ਪਿੰਡ ਦੇ ਖੇਤਾਂ ਨੇ
ਮੇਨੂੰ ਦੱਸਿਆ ਕਿ ਉਥੇ ਕਿਸੇ ਕਮਾਦ
ਵਿਚ ਮੈਂ ਕਿੰਝ ਬੇ ਆਬਰੂ ਹੋਈ ਸਾਂ
ਕੀ ਕਰਾਂਗੀ ਜੇ ਕਿਸੇ ਖੂਹ ਨੇ
ਨੇ ਦੱਸਿਆ ਕਿ ਕਿਵੇਂ ਉਸ ਨੇ
ਮੇਰੀਆਂ ਭੈਣਾਂ ਤੇ ਸਹੇਲੀਆਂ
ਦੀਆਂ ਚੀੱਕਾਂ ਸਾਂਭ ਰੱਖੀਆਂ ਨੇ
ਕੀ ਕਰਾਂਗੀ ਜੇ ਤੇਰੇ
ਅਨਾਰਕਲੀ ਦੇ ਬਾਜ਼ਾਰ ਨੇ
ਮੇਰਾ ਰੇਸ਼ਮੀ ਮੁਲਾਇਮ
ਹਾਸਾ ਪਛਾਣ ਲਿਆ
ਜਿਥੋਂ ਕਿ ਮੈਂ ਆਪਣਾ ਸ਼ਿੰਗਾਰ
ਖਰੀਦਿਆ ਸੀ
ਫਿਰ ਉਸੇ ਸ਼ਾਮ ਇੱਕ
ਗੁਰਦੁਆਰੇ ਵਿਚ ਜਲਾ ਦਿੱਤੀ ਗਈ ਸੀ
ਕੀ ਕਰਾਂਗੀ ਜੇ ਹੱੜਪਾਂ ਦੇ ਖੰਡਰਾਂ ਨੇ
ਮੇਰੀਆਂ ਆਖਾਂ ਦੀ ਉਦਾਸੀ ਨੂੰ ਪਛਾਣ
ਮੇਰੇ ਹੱਥਾਂ ਵਿਚ
ਕੋਈ ਸੁਫਨਾ ਫੜ੍ਹਾ ਦਿੱਤਾ
ਕਿਸ ਤਰ੍ਹਾਂ ਤੇ ਕਿਕੂੰ
ਮੈਂ ਜੁਦਾ ਹੋਵਾਂਗੀ
ਉਨ੍ਹਾਂ ਕੋਲੋਂ
ਜਿੰਨ੍ਹਾਂ ਦੀਆਂ ਬੁੱਲੀਆਂ ਤੇ
ਉਹੀ ਬੋਲੀ ਹੈ
ਜਿਸ ਬੋਲੀ ਵਿਚ
ਮੇਰੀ ਮਾਂ ਨੇ ਲੋਰੀ ਗਾਈ ਸੀ
ਤੇ ਜੋ ਮੈਂ ਆਪਣੀ ਮਾਂ
ਦੇ ਦੁੱਧ ਦੇ ਨਾਲ ਨਾਲ ਸਿਖੀ ਸੀ
ਤੁਸੀਂ ਸਾਰੇ ਮੇਰੀ ਬੋਲੀ ਬੋਲਣ ਵਾਲੇ
ਕਿੰਨੀ ਦੇਰ ਮੇਨੂੰ ਆਪਣੇ ਗੱਲ ਨਾਲ
ਲਾ ਕੇ ਰਖ ਸਕੋਗੇ
ਇੱਕ ਗੈਰ ਮੁਸਲਿਮ ਨੂੰ ?
ਕੀ ਤੁਸੀਂ ਮੇਥੋਂ ਮੇਰਾ ਮਜ਼ਹਬ ਖੋਹੋਗੇ ?
ਕੀ ਕਰਾਂਗੀ ਜੇ ਕੋਈ ਬਾਵਰਾ
ਪੁੱਛ ਬੈਠਾ
"ਸੁਹਣੀਏ ਕੁੜੀਏ
ਕੀ ਮੇਰੇ ਪਿੰਡ ਦੀਆਂ ਸੱਥਾਂ ਦਾ
ਮੇਰੇ ਬਾਝੋਂ ਦਿਲ ਲੱਗ ਗਿਆ ਸੀ ?"
ਕੀ ਦਸਾਂਗੀ ਜੇ ਕਿਸੇ ਨੇ
ਮੇਨੂੰ ਪੁੱਛ ਲਿਆ
ਸਕੀਨਾ ਦੀ ਅੱਬਾ ਦੀ ਲਾਸ਼ ਬਾਰੇ
ਕਿ ਉਹ ਕਿਵੇਂ ਠਿਕਾਣੇ ਲਾਈ ਸੀ ?
ਕੀ ਦਸਾਂਗੀ ਜੇ ਕਿਸੇ
ਮੇਨੂੰ ਉਸ ਖੂਹ ਬਾਰੇ ਪੁੱਛ ਲਿਆ
ਜਿਸ ਵਿਚ ਸਕੀਨਾ ਦੀਆਂ ਭੈਣਾਂ ਕੁੱਦੀਆਂ ਸਨ
ਕੀ ਕਰਾਂਗੀ ਜੇ ਕਿਸੇ ਨੇ ਪੁੱਛ ਲਿਆ
ਮੇਨੂੰ ਆਪਣੀ ਗੁਆਚੀ ਧੀ ਬਾਰੇ
ਕਿਸੇ ਆਪਣੇ ਵੱਢੇ ਪੁੱਤ ਬਾਰੇ
ਕੀ ਕਰਾਂਗੀ ਤੇ ਕੀ ਦ੍ਸਾਂਗੀ ਮੈਂ
ਤੇ ਫਿਰ ਮੈਂ ਕਿਵੇਂ ਮੁੜਾਂਗੀ
ਜਦ ਤੂੰ ਮੇਨੂੰ ਆਖੇਂਗਾ
ਕਿ ਮੈਂ ਤਾਂ ਤੇਰਾ ਕੋਈ ਗੁਆਚਾ ਸੁਫਨਾ ਸੀ
ਪਰ ਤੇਰੇ ਪਿੰਡ ਤੇ ਤੇਰੀ ਜਾਤ ਲਈ
ਮੈਂ ਤਾਂ ਗੈਰ ਮਜ਼ਹਬ ਹਾਂ
ਕੀਕੂੰ ਸਮਝਾਵਾਂਗੀ
ਕਿ ਮੈਂ ਤਾਂ ਸਿਰਫ ਮੈਂ ਹਾਂ
ਸਾਦ ਮੁਰਾਦੀ
ਕਮਲੀ ਰਾਮਲੀ
ਰੱਬ ਦੀ ਜਾਈ !!!

ਗੁਲਸ਼ਨ ਦਿਆਲ, Fremont, California  

No comments:

Post a Comment